ਬਠਿੰਡਾ: ਸਰਕਾਰੀ ਸਿਵਲ ਹਸਪਤਾਲ ਵਿੱਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਹੁੰਚੇ, ਜਿੱਥੇ ਉਨ੍ਹਾਂ ਡਾਕਟਰਾਂ ਅਤੇ ਸਿਹਤ ਕਰਮੀਆਂ, ਪੁਲਿਸ ਮੁਲਾਜ਼ਮਾਂ ਅਤੇ ਸਫ਼ਾਈ ਸੇਵਕਾਂ ਸਮੇਤ ਕੋੋੋਰੋਨਾ ਸੰਕਟ ਦੌਰਾਨ ਡਿਊਟੀ ਦੇ ਰਹੇ ਮੁਲਾਜ਼ਮਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇੱਥੇ ਖ਼ਾਸ ਗੱਲ ਇਹ ਰਹੀ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਵਿਸ਼ੇਸ਼ ਤੌਰ 'ਤੇ ਪੁਲਿਸ ਦੀ ਟੁਕੜੀ ਨੇ ਗਾਰਡ ਆਫ਼ ਆਨਰ ਦਿੱਤਾ ਗਿਆ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅੱਜ ਸਾਡਾ ਦੇਸ਼ ਅਤੇ ਪੂਰੀ ਦੁਨੀਆ ਕੋਰੋਨਾ ਮਹਾਸੰਕਟ ਨਾਲ ਜੂਝ ਰਹੀ ਹੈ ਲੋਕ ਆਪਣੇ ਘਰਾਂ ਵਿੱਚ ਬੈਠਣ ਲਈ ਮਜ਼ਬਰੂ ਹਨ, ਪਰ ਅਜਿਹੇ ਵਿੱਚ ਸਾਡੇ ਯੋਧੇ ਵੀ ਹਨ ਜੋ ਆਪਣੇ ਪਰਿਵਾਰ ਬੱਚਿਆਂ ਨੂੰ ਛੱਡ ਕੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਮਾਨਵਤਾ ਦੀ ਸੇਵਾ ਕਰ ਰਹੇ ਹਨ। ਇਸ ਵਿੱਚ ਡਾਕਟਰ ਵੀ ਹਨ ਪੁਲਿਸ ਮਹਕਮਾ ਵੀ ਹੈ, ਫੂਡ ਸਪਲਾਈ ਵੀ ਹੈ ਅਤੇ ਸਫਾਈ ਕਰਮਚਾਰੀਆਂ ਤੋਂ ਇਲਾਵਾ ਹੋਰ ਕਈ ਅਦਾਰੇ ਹਨ ਜੋ ਆਪਣਾ ਇਸ ਕੋਰੋਨਾ ਮਹਾਮਾਰੀ ਸੰਕਟ ਵਿੱਚ ਵੀ ਆਪਣੀ ਡਿਊਟੀ ਬਿਹਤਰੀਨ ਤਰੀਕੇ ਨਾਲ ਨਿਭਾ ਰਹੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਉਹ ਉਨ੍ਹਾਂ ਤਮਾਮ ਯੋਧਿਆਂ ਨੂੰ ਹੌਸਲਾ ਅਫਜਾਈ ਦੇਣ ਲਈ ਪਹੁੰਚੇ ਹਨ ਅਤੇ ਜਦੋਂ ਇਹ ਸੰਕਟ ਲੰਘ ਜਾਵੇਗਾ ਤਾਂ ਉਸ ਤੋਂ ਬਾਅਦ ਇਨ੍ਹਾਂ ਤਮਾਮ ਯੋਧਿਆਂ ਨੂੰ ਤਮਗਾ ਦੇ ਕੇ ਨਿਵਾਜਿਆਂ ਵੀ ਜਾਵੇਗਾ।
ਇਸ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੋ ਪ੍ਰਾਈਵੇਟ ਹਸਪਤਾਲ ਇਸ ਸਮੇਂ ਆਪਣੀ ਬਣਦੀ ਡਿਊਟੀ ਦੇਣ ਤੋਂ ਭੱਜ ਰਹੇ ਹਨ ਅਤੇ ਆਪਣਾ ਹਸਪਤਾਲ ਬੰਦ ਕਰਕੇ ਬੈਠੇ ਹਨ ਜਿਨ੍ਹਾਂ ਨੂੰ ਆਪਣਾ ਮੁਨਾਫ਼ਾ ਇਸ ਸੰਕਟ ਤੋਂ ਵੱਧ ਅਹਿਮੀਅਤ ਰੱਖਦਾ ਹੈ ਅਜਿਹੇ ਨਿੱਜੀ ਹਸਪਤਾਲ ਚਲਾ ਰਹੇ ਡਾਕਟਰਾਂ ਉੱਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਵੀ ਕੀਤੀ ਜਾਵੇਗੀ।