ਬਠਿੰਡਾ: ਕੁਝ ਦਿਨ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਹਰਪ੍ਰੀਤ ਦਿਲ ਵੱਲੋਂ ਗੁਰੂ ਗੋਬਿੰਦ ਸਿੰਘ ਬਾਰੇ ਵਿਵਾਦਤ ਬਿਆਨ ਦਿੱਤਾ ਗਿਆ ਸੀ। ਇਸ ਵਿਵਾਦਤ ਬਿਆਨ ’ਤੇ ਸਿੱਖ ਸਮੁਦਾਇ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਖ਼ਿਲਾਫ਼ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਐਸਐਸਪੀ ਬਠਿੰਡਾ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਰੁੱਧ ਦਿੱਤੀ ਲਿਖਤੀ ਸ਼ਿਕਾਇਤ
ਬਾਬਾ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਮੁਖੀ ਗਿੱਲ ਵੱਲੋਂ ਪਿਛਲੇ ਦਿਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਦਿੱਤੇ ਵਿਵਾਦਪੂਰਨ ਬਿਆਨ ਕਾਰਨ, ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ। ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਆਪਣੇ ਕੁੱਝ ਸਾਥੀਆਂ ਨੂੰ ਲੈ ਕੇ ਬਠਿੰਡਾ ਦੇ ਐਸਐਸਪੀ ਨੂੰ ਮਿਲੇ ਤੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਐਸਐਸਪੀ ਬਠਿੰਡਾ ਨੂੰ ਇਕ ਲਿਖਤ ਸ਼ਿਕਾਇਤ-ਪੱਤਰ ਦੇ ਕੇ ਹਰਪ੍ਰੀਤ ਸਿੰਘ ਗਿੱਲ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਦਿੱਤੇ ਜਾ ਰਹੇ ਵਿਵਾਦਤ ਬਿਆਨ: ਬਾਬਾ ਹਰਦੀਪ ਸਿੰਘ
ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕਿਸਾਨੀ ਲਹਿਰ ਨੂੰ ਕਮਜ਼ੋਰ ਬਣਾਉਣ ਵਾਸਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਹਿੰਦੂ ਆਗੂ ਸਿਰਫ਼ ਜਾਣਬੁੱਝ ਕੇ ਆਗੂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ ਤਾਂ ਕਿ ਕਿਸਾਨੀ ਲਹਿਰ ਵੱਲ ਲੋਕਾਂ ਦਾ ਧਿਆਨ ਨੂੰ ਭਟਕਾਇਆ ਜਾ ਸਕੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਵਿਵਾਦਪੂਰਨ ਬਿਆਨ ਦੇਣ ਵਾਲੇ ਹਿੰਦੂ ਸੰਗਠਨ ਮੁਖੀ ਹਰਪ੍ਰੀਤ ਸਿੰਘ ਗਿੱਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ’ਤੇ ਭਰੋਸਾ ਹੈ ਤੇ ਦੋਸ਼ੀ ਨੂੰ ਬਣਦੇ ਕਾਨੂੰਨ ਤਹਿਤ ਸਜ਼ਾ ਦਿੱਤੀ ਜਾਵੇਗੀ।