ਬਠਿੰਡਾ: ਸਵੱਛ ਸਰਵੇਖਣ ਵਿੱਚ ਬਠਿੰਡਾ ਲਗਾਤਾਰ ਤੀਜੀ ਵਾਰੀ ਬਠਿੰਡਾ ਸਭ ਤੋਂ ਸਾਫ਼ ਸ਼ਹਿਰ ਵਜੋਂ ਪਹਿਲੇ ਨੰਬਰ 'ਤੇ ਆਇਆ ਹੈ। ਦੱਸ ਦਈਏ, ਪੂਰੇ ਭਾਰਤ ਦੇ ਕੁੱਲ 4372 ਸ਼ਹਿਰਾਂ ਵਿੱਚ ਕਰਵਾਏ ਇਸ ਸਰਵੇ ਵਿੱਚ ਬਠਿੰਡਾ ਪੂਰੇ ਭਾਰਤ ਵਿੱਚ 16ਵੇਂ ਸਥਾਨ 'ਤੇ ਰਿਹਾ ਹੈ, ਜਦੋਂ ਕਿ ਸਾਲ 2018 ਵਿੱਚ ਬਠਿੰਡਾ 31ਵੇਂ ਸਥਾਨ 'ਤੇ ਆਇਆ ਸੀ।
ਬਠਿੰਡਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਬਠਿੰਡਾ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਜਿੱਥੇ ਇਸ ਸਫਲਤਾ ਵਿੱਚ ਸ਼ਹਿਰ ਵਾਸੀਆਂ ਨੇ ਵੱਡਾ ਸਾਥ ਦਿੱਤਾ ਹੈ, ਉੱਥੇ ਹੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੀ ਇਸ ਸਫ਼ਲਤਾ ਵਿੱਚ ਵੱਡਾ ਸਹਿਯੋਗ ਹੈ।
ਮੇਅਰ ਬਲਵੰਤ ਰਾਏ ਨੇ ਦੱਸਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਂ-ਸਮੇਂ 'ਤੇ ਸਵੱਛ ਭਾਰਤ ਤਹਿਤ ਬਠਿੰਡਾ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਰਹੇ ਹਨ। ਸ਼ਹਿਰ ਦੇ ਗਰੀਬ ਪਰਿਵਾਰਾਂ ਨੂੰ ਟਾਇਲਟ ਬਣਵਾ ਕੇ ਦੇਣ ਲਈ ਕੇਂਦਰ ਵੱਲੋਂ ਫੰਡ ਜਾਰੀ ਕਰਵਾਏ ਤਾਂ ਕਿ ਸ਼ਹਿਰ ਨੂੰ ਖੁਲ੍ਹੇ ਵਿੱਚ ਸ਼ੌਚ ਤੋਂ ਮੁਕਤ ਸ਼ਹਿਰ ਬਣਾਇਆ ਜਾ ਸਕੇ।
ਨਾਥ ਨੇ ਦੱਸਿਆ ਕਿ ਇਸ ਸਮੇਂ ਬਠਿੰਡਾ ਸ਼ਹਿਰ ਦੇ ਘਰਾਂ ਵਿੱਚੋਂ ਕੂੜਾ ਚੁੱਕਣ ਲਈ 46 ਟਿੱਪਰ ਗੱਡੀਆਂ ਲਾਈਆਂ ਗਈਆਂ ਹਨ ਤੇ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ ਵੀ ਮਸ਼ੀਨਾਂ ਦੀ ਮਦਦ ਨਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦਰਖਤਾਂ ਤੋਂ ਝੜੇ ਪੱਤੇ ਤੇ ਹੋਰ ਰਹਿੰਦ ਖੂੰਦ ਨੂੰ ਖ਼ਾਦ ਬਣਾ ਕੇ ਉਪਯੋਗ ਵਿੱਚ ਲਿਆ ਜਾਂਦਾ ਹੈ। ਇਸ ਦੇ ਲਈ ਰੋਜ਼ ਗਾਰਡਨ ਅੰਦਰ ਵਿਸ਼ੇਸ਼ ਮਸ਼ੀਨ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਬਠਿੰਡਾ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਅਗਲੇ ਸਾਲ ਤੱਕ ਬਠਿੰਡਾ ਦੇ ਸਫ਼ਾਈ ਪੱਧਰ ਨੂੰ ਹੋਰ ਵਧਾ ਕੇ ਭਾਰਤ ਦੇ ਪਹਿਲੇ ਪੰਜ ਸ਼ਹਿਰਾਂ ਵਿੱਚ ਲਿਆਂਦਾ ਜਾ ਸਕੇ।