ਬਠਿੰਡਾ: ਪੰਜਾਬ ਵਿੱਚ ਮਜ਼ਦੂਰਾਂ ਦੀ ਘਾਟ ਤੋਂ ਬਾਅਦ ਝੋਨਾ ਲਾਉਣ 'ਤੇ ਮਜ਼ਦੂਰੀ ਦੇ ਰੂਪ 'ਚ ਖ਼ਰਚ ਹੁੰਦੀ ਮੋਟੀ ਰਕਮ ਨੂੰ ਦੇਖਦੇ ਹੋਏ ਪੰਜਾਬ ਦੇ ਅਨੇਕਾਂ ਅਗਾਂਹਵਧੂ ਕਿਸਾਨ ਇਸ ਵਾਰ ਝੋਨਾ ਲਾਉਣ ਲਈ ਪੈਡੀ ਟਰਾਂਸਪਲਾਂਟਰ ਤਕਨੀਕ ਨੂੰ ਅਪਣਾ ਰਹੇ ਹਨ। ਇਸੇ ਤਰ੍ਹਾਂ ਬਠਿੰਡਾ ਦੇ ਪਿੰਡ ਕਲਿਆਣ ਮਲਕਾ ਦੇ ਕੁੱਝ ਅਗਾਂਹਵਧੂ ਕਿਸਾਨ ਵੀ ਝੋਨੇ ਦੀ ਬਿਜਾਈ ਨਵੀਂ ਤਕਨੀਕ ਨਾਲ ਕਰ ਰਹੇ ਹਨ।
ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਬਿਜਾਈ ਲਈ ਨਵੀਂ ਤਕਨੀਕ ਦੀ ਮਸ਼ੀਨ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ 70 ਏਕੜ ਜ਼ਮੀਨ ਵਿੱਚ ਹੱਥੀਂ ਲੁਆਈ ਕੀਤੀ ਜਾਂਦੀ ਸੀ ਪਰ ਇਸ ਵਾਰ ਝੋਨੇ ਦੀ ਲੁਆਈ ਕਰਨ ਵਾਲੀ ਮਸ਼ੀਨ 4 ਲੱਖ ਰੁਪਏ ਦੀ ਕੀਮਤ ਦੀ ਖਰੀਦ ਕੇ ਝੋਨੇ ਦੀ ਲੁਆਈ ਕੀਤੀ ਜਾ ਰਹੀ ਹੈ।
ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਦੇ ਰਾਹੀਂ ਬਿਜਾਈ ਕਰਨ ਲਈ ਪਹਿਲਾਂ ਮੈਟ ਉੱਪਰ ਝੋਨਾ ਬੀਜਿਆ ਜਾਂਦਾ ਹੈ, ਜਿਸ ਤੋਂ ਬਾਅਦ ਮੈਟ ਨੂੰ ਮਸ਼ੀਨ 'ਤੇ ਰੱਖ ਕੇ ਮਸ਼ੀਨ ਨੂੰ ਚਲਾਇਆ ਜਾਂਦਾ ਹੈ ਅਤੇ ਬਰਾਬਰ ਦੂਰੀ ਵਿੱਚ ਇਸ ਮਸ਼ੀਨ ਵੱਲੋਂ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਮਸ਼ੀਨ ਦੇ ਨਾਲ ਜਿੱਥੇ ਸਹੀ ਦੂਰੀ ਅਤੇ ਸਿੱਧੀ ਕਤਾਰ ਵਿੱਚ ਬਿਜਾਈ ਦੇ ਨਾਲ-ਨਾਲ ਘੱਟ ਸਮੇਂ ਵਿੱਚ ਅਤੇ ਘੱਟ ਖਰਚੇ ਵਿੱਚ ਸਿਰਫ ਚਾਰ ਮਜ਼ਦੂਰਾਂ ਨਾਲ ਇੱਕ ਦਿਨ ਵਿੱਚ ਪੰਜ ਕਿੱਲੇ ਦੀ ਬਿਜਾਈ ਹੋ ਜਾਂਦੀ ਹੈ। ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 27 ਏਕੜ ਜ਼ਮੀਨ ਦੇ ਵਿੱਚ ਝੋਨੇ ਦੀ ਮਸ਼ੀਨ ਰਾਹੀਂ ਬਿਜਾਈ ਕੀਤੀ ਜਾ ਚੁੱਕੀ ਹੈ, ਜਿਸ ਦੌਰਾਨ ਕੋਈ ਸਮੱਸਿਆ ਨਹੀਂ ਆਈ।
ਉੱਥੇ ਹੀ ਪਿੰਡ ਦੇ ਸਰਪੰਚ ਬਲਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਗੁਰਤੇਜ ਸਿੰਘ ਵੱਲੋਂ ਇਹ ਪਹਿਲਕਦਮੀ ਕੀਤੀ ਗਈ ਹੈ ਕਿ ਝੋਨੇ ਦੀ ਬਿਜਾਈ ਲਈ ਨਵੀਂ ਤਕਨੀਕ ਅਤੇ ਨਵੀਂ ਮਸ਼ੀਨ ਰਾਹੀਂ ਇੱਕ ਉੱਦਮੀ ਕਿਸਾਨ ਦਾ ਬਾਖ਼ੂਬੀ ਕਿਰਦਾਰ ਅਦਾ ਕਰ ਰਹੇ ਹਨ।
ਇਹ ਵੀ ਪੜੋ: ਪਾਕਿਸਤਾਨ 'ਚ ਫਸੇ 250 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਅੱਜ ਪਰਤੇਗਾ ਭਾਰਤ
ਉੱਥੇ ਹੀ ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਕਲਿਆਣ ਮਲਕਾ ਦੇ ਗੁਰਤੇਜ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਵੱਲੋਂ ਇਹ ਝੋਨੇ ਦੀ ਬਿਜਾਈ ਲਈ 4 ਲੱਖ ਰੁਪਏ ਦੀ ਕੀਮਤ ਦੀ ਮਸ਼ੀਨ ਲਿਆਂਦੀ ਗਈ ਹੈ। ਇਹ ਮਸ਼ੀਨ ਹੋਰਨਾਂ ਕਿਸਾਨਾਂ ਦੇ ਲਈ ਵੀ ਇੱਕ ਪ੍ਰੇਰਨਾ ਸਰੋਤ ਹੈ ਅਤੇ ਇਸ ਮਸ਼ੀਨ ਦੇ ਰਾਹੀਂ ਝੋਨੇ ਦੀ ਬਿਜਾਈ ਸਹੀ ਕਤਾਰ ਅਤੇ ਦੂਰੀ ਵਿੱਚ ਲੱਗਦੀ ਹੈ ਅਤੇ ਝਾੜ ਵੀ ਚੰਗਾ ਪੈਦਾ ਹੁੰਦਾ ਹੈ। ਬੇਸ਼ੱਕ ਇਹ ਮਸ਼ੀਨ ਇੱਕ ਆਮ ਕਿਸਾਨ ਦੀ ਪਹੁੰਚ ਤੋਂ ਦੂਰ ਨਜ਼ਰ ਆਉਂਦੀ ਹੈ ਪਰ ਇਸ ਮਸ਼ੀਨ ਦੇ ਰਾਹੀਂ ਕਿਸਾਨ ਸਹੀ ਸਮੇਂ 'ਤੇ ਝੋਨੇ ਦੀ ਬਿਜਾਈ ਕਰ ਸਕਦੇ ਹਨ।