ਬਠਿੰਡਾ: ਆਮ ਆਦਮੀ ਪਾਰਟੀ ਨੇ ਬਠਿੰਡਾ ਨਗਰ ਨਿਗਮ 'ਚ ਸੱਤਾਧਾਰੀ ਪਾਰਟੀ ਵੱਲੋਂ ਚੋਣਾਂ ਜਿੱਤਣ ਲਈ ਅਪਣਾਏ ਜਾ ਰਹੇ ਹੱਥ ਕੰਡਿਆਂ ਦਾ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ ਕਾਂਗਰਸ ਵੋਟ ਅਧਿਕਾਰ ਦਾ ਕਤਲ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ।
'ਆਪ' ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਸੱਤਾ ਦੇ ਨਸ਼ੇ ਵਿੱਚ ਇੱਕ ਘਰ ਵਿੱਚ ਹੀ 84-84 ਵੋਟਾਂ ਬਣਾ ਦਿੱਤੀਆਂ ਤਾਂ ਜੋ ਨਗਰ ਨਿਗਮ ਦੀਆਂ ਚੋਣਾਂ ਜਿੱਤੀਆ ਜਾ ਸਕਣ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਸੱਤਾ ਦੇ ਨਸ਼ੇ ਵਿੱਚ ਅਜਿਹੀਆਂ ਹਰਕਤਾਂ ਕਰਕੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਘਪਲੇ ਕਰਕੇ ਚੋਣਾਂ ਜਿੱਤਦੇ ਰਹੇ ਹਨ। ਹੁਣ ਕਾਂਗਰਸ ਸਰਕਾਰ ਵੀ ਉਨ੍ਹਾਂ ਰਾਹਾਂ ਉੱਤੇ ਹੀ ਚਲ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਸਪੱਸ਼ਟ ਸੰਕੇਤ ਸਾਹਮਣੇ ਆ ਗਏ ਹਨ ਕਿ ਬਠਿੰਡਾ ਦੇ ਵਾਰਡ ਨੰਬਰ 10 ਵਿੱਚ ਇੱਕ ਹੀ ਮਕਾਨ ਦੇ ਪਤੇ ਉੱਤੇ 85 ਵੋਟਾਂ ਅਤੇ ਵਾਰਡ ਨੰਬਰ 42 'ਚ ਇਕ ਘਰ 'ਚ 84 ਵੋਟਾਂ ਬਣਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਨੇ ਸੱਤਾ ਉੱਤਾ ਕਬਜ਼ ਹੋਣ ਖਾਤਰ ਹਰ ਕੋਸ਼ਿਸ਼ ਕਰਦੀਆਂ ਹੋਈਆਂ, ਇੱਕੋ ਘਰ ਵਿੱਚ 100 ਦੇ ਕਰੀਬ-ਕਰੀਬ ਵੋਟਾਂ ਬਣਵਾਈਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਘਰ ਵਿੱਚ ਐਨੀਆਂ ਵੋਟਾਂ ਹੋਣ 'ਤੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਜਾਂਚ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਜਾਰੀ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਵੋਟਾਂ ਵਿੱਚ ਕੋਈ ਸੁਧਾਈ ਨਾ ਕੀਤਾ ਜਾਣਾ ਇਹ ਸਿੱਧ ਕਰਦਾ ਹੈ ਕਿ ਇਹ ਰਿਵਾਇਤੀ ਪਾਰਟੀਆਂ ਕਿਵੇਂ ਮਿਲੀਭੁਗਤ ਨਾਲ ਚੋਣਾਂ ਜਿੱਤਦੀਆਂ ਹਨ।
'ਆਪ' ਵਿਧਾਇਕਾਂ ਨੇ ਪੰਜਾਬ ਰਾਜ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਅਜਿਹੀਆਂ ਚੋਣ ਲਿਸਟਾਂ ਸਾਹਮਣੇ ਆਉਣ ਉੱਤੇ ਤੁਰੰਤ ਐਕਸ਼ਨ ਲੈਂਦੇ ਹੋਏ ਇਸਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਸ਼ੰਕਾ ਪ੍ਰਗਟਾਈ ਕਿ ਇਸ ਤਰ੍ਹਾਂ ਜ਼ਾਅਲੀ ਵੋਟਾਂ ਪੈਣ ਨਾਲ ਉਸੇ ਉਮੀਦਵਾਰ ਦੀ ਹੀ ਜਿੱਤ ਹੋਵੇਗੀ, ਜੋ ਸੱਤਾ ਚਾਹੇਗੀ ਪਰ ਲੋਕਾਂ ਵੱਲੋਂ ਜਿਸ ਨੂੰ ਵੋਟ ਪਾ ਕੇ ਆਪਣਾ ਕੌਂਸਲਰ ਚੁਣਨਾ ਚਾਹੁੰਦੇ ਹਨ ਉਹ ਹਾਰ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਾਅਲੀ ਵੋਟਾਂ ਪੈਣ ਨਾਲ ਲੋਕਤੰਤਰ ਦਾ ਘਾਣ ਹੋਵੇਗਾ।