ਬਠਿੰਡਾ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੀ ਤਰਜ਼ ਉੱਤੇ, ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ 15 ਅਗਸਤ 2022 ਨੂੰ ਪਹਿਲੇ ਪੜਾਅ ਅਧੀਨ 75 ਦੇ ਕਰੀਬ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਸੀ। ਇਨ੍ਹਾਂ ਮੁਹੱਲਾ ਕਲੀਨਿਕ ਉੱਤੇ ਪ੍ਰਤੀ ਕਲੀਨਕ ਸਰਕਾਰ ਵੱਲੋਂ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ ਸਨ ਅਤੇ ਮੁਹੱਲਾ ਕਲੀਨਿਕ ਵਿੱਚ 40 ਦੇ ਕਰੀਬ ਮੁਫ਼ਤ ਲੈਬੋਟਰੀ ਟੈਸਟ ਕੀਤੇ ਜਾਂਦੇ ਸਨ।
ਸਕੀਮ ਤੋੜਨ ਲੱਗੀ ਦਮ: ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਇਹ ਯੋਜਨਾ ਹੁਣ ਹੌਲੀ-ਹੌਲੀ ਦਮ ਤੋੜਨ ਲੱਗੀ ਹੈ, ਕਿਉਂਕਿ ਮੁਹੱਲਾ ਕਲੀਨਿਕ ਵਿੱਚ ਲੈਬੋਰਟਰੀ ਟੈਸਟ ਕਰਨ ਵਾਲੀ ਕੰਪਨੀ ਕ੍ਰਿਸ਼ਨਾ ਡਾਇਗੋਂਨੋਸਟਿਕਸ ਲਿਮਟਡ ਵੱਲੋਂ ਮੁਹੱਲਾ ਕਲੀਨਿਕ ਵਿੱਚ ਲੈਬੋਰਟਰੀ ਟੈਸਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ| ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਬਕਾਇਦਾ ਪੱਤਰ ਜਾਰੀ ਕਰਦੇ ਹੋਏ ਮੁਹੱਲਾ ਕਲੀਨਿਕ ਦੇ ਲੈਬੋਟਰੀ ਟੈੱਸਟ ਸਰਕਾਰੀ ਹਸਪਤਾਲ ਵਿਚਲੀਆਂ ਲੈਬੋਟਰੀਆਂ ਵਿੱਚ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਕਾਰਨ ਸਰਕਾਰੀ ਹਸਪਤਾਲ ਵਿਚਲੀਆਂ ਲੈਬੋਟਰੀ ਅਤੇ ਮਹੱਲਾ ਕਲੀਨਿਕ ਦੇ ਮਰੀਜ਼ਾਂ ਉੱਤੇ ਟੈੱਸਟਾਂ ਦਾ ਵਾਧੂ ਬੋਝ ਪੈ ਗਿਆ ਹੈ। ਮੁਹੱਲਾ ਕਲੀਨਿਕ ਵਿੱਚ ਦਵਾਈ ਲੈਣ ਆਏ ਮਰੀਜ਼ਾਂ ਨੂੰ ਹੁਣ ਟੈੱਸਟ ਰਿਪੋਰਟਾਂ ਦਾ ਦੋ ਦੋ ਦਿਨ ਇੰਤਜ਼ਾਰ ਕਰਨਾ ਪੈਂਦਾ ਹੈ। ਜਿਸ ਕਾਰਨ ਮਰੀਜ਼ਾਂ ਨੂੰ ਵੰਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਾਕਟਰਾਂ ਨੇ ਦੱਸੀ ਸਚਾਈ: ਬਠਿੰਡਾ ਦੇ ਉਧਮ ਸਿੰਘ ਨਗਰ ਵਿੱਚ ਬਣੇ ਆਮ ਆਦਮੀ ਕਲੀਨਿਕ ਵਿੱਚ ਤਾਇਨਾਤ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਮੁਹੱਲਾ ਕਲੀਨਿਕ ਵਿੱਚ ਹੁਣ ਮਰੀਜ਼ਾਂ ਦੇ ਲੈਬੋਟਰੀ ਟੈੱਸਟ ਲਈ ਸੈਂਪਲ ਨਹੀਂ ਲਾਏ ਜਾ ਰਹੇ, ਕਿਉਂਕਿ ਕੰਪਨੀ ਵੱਲੋਂ ਆਪਣਾ ਕਰਾਰ ਤੋੜ ਦਿੱਤਾ ਗਿਆ ਹੈ ਅਤੇ ਕੰਪਨੀ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਕੋਈ ਸੂਚਨਾ ਦਿੱਤੀ ਗਈ ਹੈ ਕਿ ਮਰੀਜ਼ਾਂ ਦੇ ਸੈਂਪਲ ਇਕੱਠੇ ਕਰਕੇ ਸਰਕਾਰੀ ਹਸਪਤਾਲ ਭੇਜੇ ਜਾਣੇ ਹਨ। ਉਨ੍ਹਾਂ ਕਿਹਾ ਕਿ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਵਿੱਚੋਂ ਕਰੀਬ 50 ਪ੍ਰਤੀਸ਼ਤ ਮਰੀਜ਼ਾਂ ਨੂੰ ਲੈਬੋਰਟਰੀ ਟੈਸਟਾਂ ਦੀ ਲੋੜ ਹੁੰਦੀ ਹੈ, ਪਰ ਉਨ੍ਹਾਂ ਕੋਲ ਇੰਨਾ ਸਟਾਫ਼ ਮੌਜੂਦ ਨਹੀਂ ਹੈ ਕਿ ਉਹ ਲੈਬੋਟਰੀ ਟੈੱਸਟ ਲਈ ਸੈਂਪਲ ਇਕੱਠੇ ਕਰਕੇ ਸਰਕਾਰੀ ਹਸਪਤਾਲ ਭੇਜ ਸਕਣ।
ਸਰਕਾਰੀ ਹਸਪਤਾਲ ਵਿੱਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਮੁਹੱਲਾ ਕਲੀਨਿਕ ਵੱਲੋਂ ਇਕੱਠੇ ਕੀਤੇ ਜਾਂਦੇ ਸੈਂਪਲ ਦੀ ਲੈਬੋਟਰੀ ਟੈੱਸਟ ਦੀ ਰਿਪੋਰਟ, ਉਹ ਦੂਸਰੇ ਦਿਨ ਜਾਰੀ ਕਰਦੇ ਹਨ ਅਤੇ ਸਰਕਾਰੀ ਹਸਪਤਾਲ ਵਿੱਚ ਮੌਜੂਦ ਲੈਬੋਟਰੀ ਸਟਾਫ ਵੱਲੋਂ ਮੁਹੱਲਾ ਕਲੀਨਿਕ ਵਿੱਚ ਇਕੱਠੇ ਕੀਤੇ ਗਏ ਸੈਂਪਲ ਬਾਅਦ ਦੁਪਹਿਰ ਦੂਸਰੀ ਸ਼ਿਫਟ ਵਿੱਚ ਚੈੱਕ ਕਰਕੇ ਰਿਪੋਰਟ ਤਿਆਰ ਕਰਦੇ ਹਨ। ਸਰਕਾਰੀ ਹਸਪਤਾਲ ਦੇ ਮੁਲਜ਼ਮਾਂ ਨੂੰ ਬਾਅਦ ਦੁਪਿਹਰ ਸਿਰਫ ਮੁਹੱਲਾ ਕਲੀਨਿਕ ਦੇ ਲੈਬੋਟਰੀ ਟੈੱਸਟ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਰੋਜ਼ਾਨਾ ਉਹਨਾਂ ਕੋਲ 20 ਦੇ ਕਰੀਬ ਮਰੀਜ਼ ਅਤੇ 100 ਦੇ ਕਰੀਬ ਸੈਂਪਲ ਮਹੱਲਾ ਕਲੀਨਿਕ ਵਿੱਚੋਂ ਲੈਬੋਟਰੀ ਟੈਸਟ ਲਈ ਭੇਜੇ ਜਾਂਦੇ ਹਨ। ਦੂਜੇ ਪਾਸੇ ਕ੍ਰਿਸ਼ਨਾ ਡਾਇਗਨੋਸਟਿਕਸ ਲਿਮਟਡ ਦੇ ਹਸਪਤਾਲ ਵਿੱਚ ਚੱਲ ਰਹੀ ਲੈਬੋਟਰੀ ਦੇ ਮੁਲਾਜ਼ਮਾਂ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ, ਉਨ੍ਹਾਂ ਕਿਹਾ ਕਿ ਫਿਲਹਾਲ ਸਿਰਫ ਉਹਨਾਂ ਵੱਲੋਂ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਦੇ ਸਸਤੇ ਰੇਟ ਉੱਤੇ ਲੈਬਾਟਰੀ ਟੈਸਟ ਕੀਤੇ ਜਾ ਰਹੇ ਹਨ।