ਬਠਿੰਡਾ : ਪੰਜਾਬ ਦੇ ਵਿੱਚ ਨਸ਼ਾ ਕਈ ਵਾਰਦਾਤਾਂ ਦਾ ਵੱਡਾ ਕਾਰਣ ਬਣਿਆ ਹੋਇਆ ਹੈ ਜੋ ਨਾ ਸਿਰਫ ਪੰਜਾਬ ਪੁਲਿਸ ਦੇ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ, ਸਗੋਂ ਆਮ ਲੋਕ ਵੀ ਪਰੇਸ਼ਾਨ ਹਨ। ਦੂਜੇ ਪਾਸੇ ਇਸ ਨਸ਼ੇ ਦੇ ਦਲਦਲ ਦੇ ਵਿੱਚ ਮਹਿਲਾਵਾਂ ਵੀ ਹੁਣ ਵੱਡੀ ਸੰਖਿਆ ਵਿੱਚ ਸ਼ਾਮਿਲ ਹੁੰਦੀਆਂ ਜਾ ਰਹੀਆਂ ਹਨ, ਜੋ ਆਪਣੇ ਨਸ਼ੇ ਦੀ ਪੂਰਤੀ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ। ਇਸਦੀ ਇੱਕ ਉਦਾਹਰਣ ਬਠਿੰਡਾ ਦੇ ਵਿੱਚ ਵੀ ਸਾਹਮਣੇ ਆਈ ਹੈ। ਸ਼ਹਿਰ ਦੇ ਸੰਤ ਪੁਰਾ ਰੋਡ ਉੱਤੇ ਦੋ ਮਹਿਲਾਵਾਂ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਤਰ੍ਹਾਂ ਕਰਦੇ ਸੀ ਵਾਰਦਾਤਾਂ : ਜਾਣਕਾਰੀ ਦੇ ਮੁਤਾਬਕ ਇਹ ਦੋ ਮਹਿਲਾਵਾਂ ਰਾਹਗੀਰਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸੁੰਨਸਾਨ ਥਾਵਾਂ ਉੱਤੇ ਲੈ ਜਾਂਦੀਆਂ ਸੀ, ਜਿੱਥੇ ਇਨ੍ਹਾਂ ਵੱਲੋਂ ਆਪਣੇ ਸਾਥੀਆਂ ਸਮੇਤ ਉਹਨਾਂ ਨਾਲ ਲੁੱਟ ਖੋਹ ਕੀਤੀ ਜਾਂਦੀ ਸੀ। ਫਿਲਹਾਲ ਇਸ ਗਰੁੱਪ ਦੇ ਸੱਤ ਮੈਂਬਰਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦਾ ਖੁਲਾਸਾ ਕਰਦਿਆਂ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਬਾਰੇ ਡੀਐੱਸਪੀ ਸਿਟੀ ਵਿਸਵਜੀਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ।
ਸ਼ਹਿਰ 'ਚ ਨਸ਼ਾ ਕਾਰੋਬਾਰੀਆਂ ਦਾ ਜਾਲ : ਉਨ੍ਹਾਂ ਦੱਸਿਆ ਕਿ ਹੁਣ ਤੱਕ ਕੀਤੀ ਗਈ ਪੁੱਛਗਿੱਛ ਦੌਰਾਨ ਦੋ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਅਦਾਲਤ ਤੋਂ ਇਨ੍ਹਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਇਸ ਮਾਮਲੇ ਵਿੱਚ ਹੋਰ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਦੇ ਵਿੱਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇੱਥੇ ਦੱਸਣਯੋਗ ਹੈ ਕਿ ਲਗਾਤਾਰ ਸ਼ਹਿਰ ਵਿੱਚ ਨਸ਼ੇ ਦੇ ਕਾਰੋਬਾਰੀਆਂ ਵੱਲੋਂ ਅਜਿਹੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾ ਹੈ ਜੋ ਨਵੀਂ ਉਮਰ ਦੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਕਿਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਇਨ੍ਹਾਂ ਲੋਕਾਂ ਉੱਤੇ ਨਜ਼ਰ ਰੱਖ ਰਹੀ ਹੈ।