ਬਰਨਾਲਾ : ਸ਼ਹਿਰ ਦੀ ਸ਼ਿਵ ਵਾਟਿਕਾ ਕਾਲੋਨੀ 'ਚ ਕਾਰ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਕਾਲੋਨੀ ਨਿਵਾਸੀਆਂ ਦੀ ਸੂਚਨਾ ਤੋਂ ਬਾਅਦ ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਕਾਲੋਨੀ ਵਾਸੀ ਰਾਜੀਵ ਗੋਇਲ ਤੇ ਯਸ਼ਪਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਬੀਤੀ ਰਾਤ 8 ਵਜੇ ਦੇ ਕਰੀਬ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਦੇਰ ਰਾਤ ਉਸ ਨੇ ਕਾਲੋਨੀ ਵਿੱਚ ਇੱਕ ਕਾਰ ਖੜ੍ਹੀ ਦੇਖੀ ਤਾਂ ਕਾਰ ਵਿਚ ਨੌਜਵਾਨ ਨੇ ਉਲਟੀ ਕੀਤੀ ਹੋਈ ਸੀ ਅਤੇ ਬਾਅਦ ਵਿੱਚ ਨੌਜਵਾਨ ਦੀ ਮੌਤ ਹੋ ਚੁੱਕੀ ਸੀ, ਜਿਸਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ।
ਦਿਲ ਦਾ ਦੌਰਾ ਪੈਣ ਦਾ ਸ਼ੱਕ : ਇਸ ਸਬੰਧੀ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਕਾਲੋਨੀ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਕਾਲੋਨੀ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਕਾਰ ਦੀ ਤਲਾਸ਼ੀ ਲਈ ਗਈ। ਕਾਰ 'ਚੋਂ ਇਕ ਆਧਾਰ ਕਾਰਡ ਅਤੇ ਕੱਪੜੇ ਮਿਲੇ ਹਨ। ਜਿਸ ਦੇ ਆਧਾਰ 'ਤੇ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਾਂ ਗੁਰਜੀਤ ਸਿੰਘ ਹੈ, ਜੋ ਕਿ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ। ਜਦਕਿ ਉਨ੍ਹਾਂ ਨੇ ਦੱਸਿਆ ਕਿ ਸ਼ੱਕ ਜ਼ਾਹਰ ਕੀਤਾ ਕਿ ਸ਼ਾਇਦ ਨੌਜਵਾਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਨੂੰ ਕਾਰ ਵਿੱਚ ਉਲਟੀਆਂ ਆ ਗਈਆਂ ਸਨ ਅਤੇ ਉਸ ਦੀ ਕਾਰ ਸੜਕ ਦੇ ਵਿਚਕਾਰ ਖੜ੍ਹੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰ ਵਿਚੋਂ ਉਕਤ ਨੌਜਵਾਨ ਦਾ ਆਧਾਰ ਕਾਰਡ ਤੇ ਕੁਝ ਪਛਾਣ ਪੱਤਰ ਹੀ ਬਰਾਮਦ ਹੋਏ ਹਨ। ਹਾਲਾਂਕਿ ਪੁਲਿਸ ਇਸ ਨੂੰ ਕਿਸੇ ਵਾਰਦਾਤ ਨਾਲ ਜੋੜ ਕੇ ਨਹੀਂ ਦੇਖ ਰਹੀ ਪਰ ਸੜਕ ਵਿਚਕਾਰ ਖੜ੍ਹੀ ਗੱਡੀ ਵਿਚ ਲਾਸ਼ ਹੋਣ ਕਾਰਨ ਇਲਾਕਾ ਵਾਸੀਆਂ ਵਿਚ ਇਕ ਸਹਿਮ ਦਾ ਮਾਹੌਲ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਾਰ ਰਾਤ ਤੋਂ ਹੀ ਕਾਲੋਨੀ ਵਿਚ ਸੜਕ ਵਿਚਕਾਰ ਖੜ੍ਹੀ ਹੈ ਤੇ ਸਵੇਰ ਤਕ ਉਥੇ ਹੀ ਸੀ, ਸ਼ੱਕ ਪੈਣ ਉਤੇ ਜਦੋਂ ਦੇਖਿਆ ਤਾਂ ਨੌਜਵਾਨ ਦੀ ਲਾਸ਼ ਅੰਦਰ ਪਈ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।