ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬਰਨਾਲਾ ਦੇ ਕਸਬਾ ਮਹਿਲ ਕਲਾਂ ਵਿਖੇ ਚੱਲ ਰਹੇ ਕਿਸਾਨੀ ਮੋਰਚੇ ਵਿੱਚ ਇੱਕ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਦਾ ਸਰਕਾਰੀ ਮੁਆਵਜ਼ਾ ਐਲਾਨ ਹੋਣ ਦੇ ਬਾਅਦ ਅੰਤਿਮ ਸਸਕਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਮਲਕੀਤ ਸਿੰਘ ਮਹਿਲ ਕਲਾਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸਰਗਰਮ ਵਰਕਰ ਰਾਜਿੰਦਰ ਕੌਰ ਗੰਗੋਹਰ ਨੂੰ ਬੀਤੀ ਸ਼ਾਮ ਕਿਸਾਨ ਧਰਨੇ ਦੌਰਾਨ ਅਚਾਨਕ ਦਿਲ ਦਾ ਦੌਰਾ ਪੈ ਗਿਆ ਸੀ, ਜਿਸ ਉਪਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਦੇਰ ਰਾਤ ਉਸਦੀ ਮੌਤ ਹੋ ਗਈ।
ਉਨ੍ਹਾਂ ਮ੍ਰਿਤਕ ਰਜਿੰਦਰ ਕੌਰ ਨੂੰ ਕਿਸਾਨ ਲਹਿਰ ਦਾ ਸ਼ਹੀਦ ਐਲਾਨਦਿਆਂ ਕਿਹਾ ਕਿ ਉਹ ਲਗਾਤਾਰ ਦੋ ਮਹੀਨਿਆਂ ਤੋਂ ਇਸ ਸੰਘਰਸ਼ ਦਾ ਹਿੱਸਾ ਬਣਦੀ ਆ ਰਹੀ ਸੀ। ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਕਿਸਾਨ ਬੀਬੀ ਦੀ ਮੌਤ ਲਈ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ, ਪੂਰੀ ਕਰਜ਼ਾ ਮੁਆਫ਼ੀ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਮੌਕੇ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਬਰਨਾਲਾ ਨਵਜੋਤ ਤਿਵਾੜੀ ਪਹੁੰਚੇ, ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਸਮੇਤ ਹਰ ਸੰਭਵ ਮਦਦ ਮਦਦ ਦੇਣ ਦਾ ਭਰੋਸਾ ਦਿੱਤਾ, ਜਿਸ ਉਪਰੰਤ ਮ੍ਰਿਤਕਾ ਰਜਿੰਦਰ ਕੌਰ ਦਾ ਅੰਤਿਮ ਸਸਕਾਰ ਨਾਅਰਿਆਂ ਦੀ ਗੂੰਜ ਵਿੱਚ ਕੀਤਾ ਗਿਆ।