ਬਰਨਾਲਾ: ਪੰਜਾਬੀ ਦੇ ਉੱਘੇ ਲੋਕ ਕਵੀ ਅਤੇ ਸਾਹਿਤਕਾਰ ਸੁਰਜੀਤ ਪਾਤਰ ਅੱਜ ਇੱਕ ਸਮਾਗ਼ਮ ਵਿੱਚ ਭਾਗ ਲੈਣ ਲਈ ਬਰਨਾਲਾ ਦੇ ਕਸਬਾ ਭਦੌੜ ਪਹੁੰਚੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੱਚਰ(ਫਾਹਸ਼) ਗਾਇਕੀ 'ਤੇ ਕੀਤੀ ਗਈ ਸਖ਼ਤੀ ਇੱਕ ਚੰਗਾ ਉਪਰਾਲਾ ਹੈ।
ਸੁਰਜੀਤ ਪਾਤਰ ਨੇ ਕਿਹਾ ਕਿ ਨਿੱਜੀ ਤੌਰ 'ਤੇ ਸਾਨੂੰ ਸਭ ਨੂੰ ਕਿਸੇ ਵੀ ਪ੍ਰਕਾਰ ਦੀ ਗੱਲ ਜਾਂ ਗੀਤ ਸੁਣਨ ਦੀ ਆਜ਼ਾਦੀ ਹੈ ਪਰ ਜਨਤਕ ਤੌਰ 'ਤੇ ਲੱਚਰ ਗਾਇਕੀ ਇਕ ਮਾੜਾ ਰੁਝਾਨ ਹੈ। ਪੰਜਾਬ ਸਰਕਾਰ ਵੱਲੋਂ ਬੱਸਾਂ ਵਿੱਚ ਇਸ 'ਤੇ ਕੀਤੀ ਗਈ ਸਖ਼ਤੀ ਚੰਗਾ ਕਦਮ ਹੈ। ਇਹ ਉਪਰਾਲਾ ਇਸ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਇੱਕ ਵਹਿਮ ਪਾ ਦਿੱਤਾ ਗਿਆ ਹੈ ਕਿ ਲੱਚਰ ਗਾਇਕੀ ਤੋਂ ਬਿਨਾਂ ਕੁੱਝ ਵੀ ਚੱਲ ਨਹੀਂ ਸਕਦਾ, ਪਰ ਸਤਿੰਦਰ ਸਰਤਾਜ ਵਰਗੇ ਗਾਇਕ ਇੱਕ ਚੰਗੀ ਗਾਇਕੀ ਦੀ ਉਦਾਹਰਨ ਹਨ। ਕਿਉਂਕਿ ਉਹ ਹਮੇਸ਼ਾ ਚੰਗਾ ਗਾ ਕੇ ਨਾਮਣਾ ਖੱਟ ਰਹੇ ਹਨ ਅਤੇ ਲੋਕ ਉਨ੍ਹਾਂ ਨੂੰ ਸੁਨਣਾ ਪਸੰਦ ਕਰਦੇ ਹਨ। ਲੱਚਰ ਗਾਇਕੀ ਪੰਜਾਬ ਦੇ ਯੂਥ ਨੂੰ ਗ਼ਲਤ ਦਿਸ਼ਾ ਪ੍ਰਦਾਨ ਕਰ ਰਹੇ ਹਨ।