ਬਰਨਾਲਾ: ਪਿਛਲੇ ਲੰਬੇ ਸਮੇਂ ਤੋਂ ਬੁਰੀ ਤਰਾਂ ਟੁੱਟੀ ਸੜਕ ਨੂੰ ਬਨਵਾਉਣ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਇੱਕ ਅਨੋਖੇ ਢੰਗ ਨਾਲ ਰੋਸ ਜ਼ਾਹਰ ਕੀਤਾ ਗਿਆ। ਇਹ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਭਦੌੜ ਹਲਕੇ ਵਿਚਲੇ ਪਿੰਡਾਂ ਦੀ ਸੜਕ ਦਾ ਹੈ। ਜੋ ਪੱਖੋ ਕੈਂਚੀਆਂ ਕਸਬੇ ਤੋਂ ਤਪਾ ਸ਼ਹਿਰ ਹੁੰਦੀ ਹੋਈ ਪੱਖੋ ਕਲਾਂ ਪਿੰਡ ਤੱਕ ਜਾਂਦੀ ਹੈ। ਇਹ ਸੜਕ ਅਨੇਕਾਂ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਜਿਸ ਨੂੰ ਬਨਾਉਣ ਲਈ ਲੋਕ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ। ਪਰ ਸੜਕ ਨਾ ਬਣਾਏ ਜਾਣ ਕਾਰਨ ਆਮ ਆਦਮੀ ਪਾਰਟੀ ਵਲੋਂ ਸੜਕ ’ਤੇ ਖੜ ਕੇ ਭੀਖ ਮੰਗੀ ਗਈ।
ਭੀਖ ਮੰਗਣ ਨਾਲ ਪ੍ਰਦਰਸ਼ਨਕਾਰੀਆ ਨੂੰ 525 ਰੁਪਏ ਲੋਕਾਂ ਤੋਂ ਇਕੱਠੇ ਹੋਏ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰ ਡੀ.ਸੀ ਬਰਨਾਲਾ ਕੋਲ ਪਹੁੰਚੇ ਅਤੇ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਕੋਲ ਆਪਣਾ ਰੋਸ ਜਤਾਇਆ ਗਿਆ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਲਾਭ ਸਿੰਘ ਉਗੋਕੇ ਅਤੇ ਮਨੀਸ਼ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਹਲਕਾ ਭਦੌੜ ਅਧੀਨ ਪੈਂਦੇ ਪਿੰਡ ਪੱਖੋ ਕਲਾਂ ਤੋਂ ਪੱਖੋ ਕੈਂਚੀਆ ਤੱਕ ਸੜਕ ਬੁਰੀ ਤਰਾਂ ਵਲੋਂ ਟੁੱਟੀ ਹੋਈ ਹੈ। ਇਸ ਸੜਕ 'ਤੇ ਕਈ ਹਾਦਸੇ ਹੋ ਚੁੱਕੇ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।
ਇਸ ਸੜਕ ਨੂੰ ਬਣਵਾਉਣ ਲਈ ਉਹ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰ ਚੁੱਕੇ ਹਨ। ਪਰ ਫ਼ੰਡਾਂ ਦੀ ਘਾਟ ਆਖ ਕੇ ਇਸ ਸੜਕ ਨੂੰ ਬਣਾਇਆ ਨਹੀਂ ਗਿਆ। ਜਿਸਦੇ ਵਿਰੋਧ 'ਚ ਉਹਨਾਂ ਵਲੋਂ ਆਪਣਾ ਰੋਸ ਜ਼ਾਹਰ ਕਰਨ ਲਈ ਸੜਕ ਕਿਨਾਰੇ ਖੜ ਕੇ ਭੀਖ਼ ਮੰਗਦਿਆਂ ਪੈਸੇ ਇਕੱਠੇ ਕੀਤੇ ਹਨ। ਜਿਸ ਨੂੰ ਅੱਜ ਬਰਨਾਲਾ ਦੇ ਡੀਸੀ ਨੂੰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਆਜ਼ਾਦ ਹੋਏ 70 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਪਰ ਸਮੇਂ ਦੀਆਂ ਸਰਕਾਰਾਂ ਦੁਆਰਾ ਲੋਕਾਂ ਨੂੰ ਸੜਕਾਂ ਅਤੇ ਮੁੱਢਲੀਆਂ ਹੋਰ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਸਕੀਆਂ।
ਇਹ ਵੀ ਪੜ੍ਹੋ:ਭਾਰਤ ਸਰਕਾਰ ਸੁਣ ਨਹੀਂ ਰਹੀ, ਵਿਦੇਸ਼ 'ਚ ਕਿਸਾਨਾਂ ਲਈ ਪਾਏ ਜਾ ਰਹੇ ਮਤੇ: ਕਿਸਾਨ