ਬਰਨਾਲਾ: ਜ਼ਿਲੇ ਦੇ ਪਿੰਡ ਭੱਦਲਵੱਢ ਦੇ ਇੱਕ ਪਰਿਵਾਰ ਦੀ ਦੁਖਭਰੀ ਦਾਸਤਾਨ ਹਰ ਇੱਕ ਦੇ ਅੱਖਾਂ ਵਿੱਚੋਂ ਹੰਝੂ ਕੱਢ ਰਹੀ ਹੈ। ਪਰਿਵਾਰ ਦੇ ਮੁਖੀ ਦੇ ਕੁੱਝ ਸਮਾਂ ਪਹਿਲਾਂ ਸੜਕ ਹਾਦਸੇ ਵਿੱਚ ਸੱਟ ਲੱਗ ਗਈ ਸੀ। ਜਿਸਤੋਂ ਬਾਅਦ ਪਰਿਵਾਰ ਮੁਖੀ ਬੋਲਣ ਅਤੇ ਤੁਰਨ ਦੀ ਸ਼ਕਤੀ ਗਵਾ ਚੁੱਕਾ ਹੈ।
ਇਹ ਮਾਮਲਾ ਪਿੰਡ ਭੱਦਲਵੱਢ ਦੇ ਗੁਰਪਾਲ ਸਿੰਘ ਦਾ ਹੈ। ਜਿਸਦਾ ਕਰੀਬ ਡੇਢ ਸਾਲ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ। ਇਸ ਐਕਸੀਡੈਂਟ ਵਿੱਚ ਗੁਰਪਾਲ ਸਿੰਘ ਦੀ ਰੀੜ ਦੀ ਹੱਡੀ ’ਤੇ ਸੱਟ ਲੱਗੀ ਸੀ। ਹੌਲੀ ਹੌਲੀ ਗੁਰਪਾਲ ਸਿੰਘ ਦੀ ਹਾਲਤ ਬਿਗੜਦੀ ਗਈ ਅਤੇ ਅੱਜ ਉਹ ਜਿੱਥੇ ਚੱਲਣ ਫ਼ਿਰਨ ਤੋਂ ਅਸਮਰੱਥ ਹੈ।
ਉਥੇ ਗੁਰਪਾਲ ਦੀ ਬੋਲਣ ਦੀ ਸ਼ਕਤੀ ਵੀ ਖ਼ਤਮ ਹੋ ਚੁੱਕੀ ਹੈ। ਸਰੀਰ ਸੁੱਕ ਕੇ ਕਾਨੇ ਵਰਗਾ ਹੋ ਚੁੱਕਾ ਹੈ ਅਤੇ ਉਸਦੇ ਗੁਪਤ ਅੰਗ ਵਿੱਚ ਜ਼ਖ਼ਮਾਂ ਦੀ ਭਰਮਾਰ ਕਾਰਨ ਕੀੜੇ ਪੈ ਚੁੱਕੇ ਹਨ। ਗੁਰਪਾਲ ਸਿੰਘ ਦੇ ਇਲਾਜ ਲਈ ਪਰਿਵਾਰ ਆਪਣੇ ਘਰ ਦੀ ਹਰ ਚੀਜ਼ ਨੂੰ ਵੇਚਕੇ ਚੁੱਕਿਆ ਹੈ।
ਜਿਸਤੋਂ ਬਾਅਦ ਹੁਣ ਥੱਕ ਹਾਰ ਕੇ ਪਰਿਵਾਰ ਵਲੋਂ ਗੁਰਪਾਲ ਦੇ ਇਲਾਜ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਲੋਕਾਂ ਅੱਗੇ ਮੱਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਗੁਰਪਾਲ ਸਿੰਘ ਦੀ 12 ਸਾਲ ਦੀ ਧੀ ਤਰਨਜੋਤ ਕੌਰ ਅਤੇ ਉਸਦੀ ਪਤਨੀ ਸੁਖਮੀਤ ਕੌਰ ਉਸਦੀ ਆਵਾਜ਼ ਸੁਨਣ ਨੂੰ ਵੀ ਤਰਸ ਰਹੀਆਂ ਹਨ। ਇਸ ਦੁੱਖਾਂ ਦੀ ਜ਼ਿੰਦਗੀ ਕਾਰਨ ਉਨ੍ਹ ਦੇ ਅੱਖਾਂ ਵਿੱਚੋਂ ਹੰਝੂ ਵੀ ਰੁਕਣ ਦਾ ਨਾਮ ਤੱਕ ਨਹੀਂ ਲੈ ਰਹੇ।
ਇਸ ਸਬੰਧੀ ਗੁਰਪਾਲ ਸਿੰਘ ਦੀ ਪਤਨੀ ਸੁਖਮੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਆਪਣੀ ਵਿੱਤ ਅਨੁਸਾਰ ਹਰ ਜੋਰ ਲਗਾ ਕੇ ਆਪਣੇ ਘਰਵਾਲੇ ਦਾ ਇਲਾਜ ਕਰਵਾਇਆ ਹੈ। ਘਰ ਦਾ ਲਗਭਗ ਸਾਰਾ ਸਮਾਨ ਇਲਾਜ਼ ਲਈ ਵਿਕ ਚੁੱਕਿਆ ਹੈ। ਪਿੰਡ ਦੇ ਲੋਕਾਂ ਵਲੋਂ ਵੀ ਕਾਫ਼ੀ ਮੱਦਦ ਕੀਤੀ ਗਈ ਹੈ।
ਹੁਣ ਉਹਨਾਂ ਕੋਲ ਇਲਾਜ ਲਈ ਇੱਕ ਵੀ ਪੈਸਾ ਨਹੀਂ ਹੈ। ਉਨਾਂ ਨੇ ਦੱਸਿਆ ਕਿ ਗੁਰਪਾਲ ਦੇ ਇਲਾਜ਼ ਲਈ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਚੰਡੀਗੜ ਤੱਕ ਇਲਾਜ ਕਰਵਾ ਲਿਆ ਹੈ। ਪਰ ਕੋਈ ਫਰਕ ਨਹੀਂ ਪਿਆ। ਉਨਾਂ ਦਾਨੀ ਸੱਜਣਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਪਣੇ ਪਤੀ ਦੇ ਇਲਾਜ਼ ਲਈ ਮੱਦਦ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ :-ਕਾਂਗਰਸ ਦੇ ਗਲੇ ਦੀ ਹੱਡੀ ਬਣਿਆ ਬਿਜਲੀ ਸੰਕਟ, 'ਆਪ' ਨੇ ਸੀਸਵਾਂ ਵਲ ਵਹੀਰਾਂ ਘੱਤੀਆਂ