ਬਰਨਾਲਾ : ਪੰਜਾਬ ਪੁਲਿਸ ਅਕਸਰ ਸੁਰਖੀਆਂ ਵਿੱਚ ਨਜ਼ਰ ਆਉਂਦੀ ਹੈ। ਕਦੇ ਆਂਡੇ ਚੋਰੀ ਕਰਦੇ ਤਾਂ ਕਦੇ ਗਰੀਬ ਦੀ ਸਬਜ਼ੀ ਰੇਹੜੀ ਉਤੇ ਕਿੱਕ ਮਾਰਦੇ ਜਾਂ ਨਸ਼ੇ ਦੀ ਹਾਲਤ ਵਿੱਚ ਧੁੱਤ ਅਜਿਹੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀ ਰਹਿੰਦੀਆਂ ਹਨ। ਪਰ ਇਸ ਤੋਂ ਹਟਕੇ ਅਸੀ ਗੱਲ ਕਰ ਰਹੇ ਹਾਂ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਦੀ। ਜਿਨਾਂ ਨੇ ਇਨਸਾਨੀਅਤ ਦੀ ਮਿਸ਼ਾਲ ਨੂੰ ਕਾਇਮ ਕੀਤੀ ਹੈ। ਉਨ੍ਹਾਂ ਇਕ ਅਜਿਹੇ ਵਿਅਕਤੀ ਨੂੰ ਮੌਤ ਦੇ ਮੂੰਹ ’ਚੋਂ ਚੁੱਕ ਕੇ ਆਪਣੇ ਖਰਚੇ ਉੱਤੇ ਬਚਾਇਆ ਹੈ। ਜੋ ਲਾਵਾਰਸ ਹਾਲਤ ਵਿੱਚ ਸੜਕ ਕਿਨਾਰੇ ਬੀਮਾਰ ਹਾਲਤ ਵਿੱਚ ਪਿਆ ਸੀ।
ਬਰਨਾਲਾ ਪੁਲਿਸ ਜਦੋਂ ਸ਼ਹਿਰ ਦੀ ਅਨਾਜ ਮੰਡੀ ਵਿੱਚ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਖਾਣਾ ਦੇਣ ਗਈ ਤਾਂ ਇੱਕ ਬੀਮਾਰ ਹਾਲਤ ’ਚ ਪਏ ਵਿਅਕਤੀ ’ਤੇ ਪੁਲਿਸ ਦੀ ਨਜ਼ਰ ਪਈ। ਐਸਐਸਪੀ ਬਰਨਾਲਾ ਵਲੋਂ ਤੁਰੰਤ ਉਸ ਵਿਅਕਤੀ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾ ਕੇ ਇਲਾਜ ਕਰਵਾਉਣ ਦੀ ਹਦਾਇਤ ਕੀਤੀ ਗਈ। ਜਿਸਦਾ ਖ਼ਰਚਾ ਵੀ ਐਸਐਸਪੀ ਸੰਦੀਪ ਗੋਇਲ ਕਰ ਰਹੇ ਹਨ। ਫ਼ਿਲਹਾਲ ਇਸ ਲਾਵਾਰਸ ਬੀਮਾਰ ਵਿਅਕਤੀ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੈ।
ਐਸਐਸਪੀ ਗੋਇਲ ਨੇ ਦੱਸਿਆ ਕਿ ਕੋਵਿਡ ਦੇ ਚੱਲਦੇ ਪੁਲਿਸ ਨੂੰ ਜ਼ਰੂਰਤਮੰਦਾਂ ਨੂੰ ਖਾਣਾ ਉਪਲੱਬਧ ਕਰਾਉਣ ਦੀ ਮੁਹਿੰਮ ਦੇ ਤਹਿਤ ਸਾਨੂੰ ਇਸ ਲਾਵਾਰਸ ਬੇਸਹਾਰਾ ਵਿਅਕਤੀ ਦਾ ਪਤਾ ਚੱਲਿਆ। ਉਸਦੀ ਹਾਲਤ ਕਾਫ਼ੀ ਤਰਸਯੋਗ ਸੀ, ਉਸਦਾ ਤੁਰੰਤ ਇਲਾਜ ਕਰਵਾਇਆ ਗਿਆ। ਹੁਣ ਉਸਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੈ ਅਤੇ ਆਸ ਹੈ ਕਿ ਜਲਦੀ ਤੰਦਰੁਸਤ ਹੋ ਜਾਵੇਗਾ।
ਬੀਮਾਰ ਵਿਅਕਤੀ ਦਾ ਇਲਾਜ ਕਰ ਰਹੇ ਸਰਕਾਰੀ ਡਾਕਟਰ ਹਰੀਸ਼ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਬਨਾਲਾ ਦੀ ਅਨਾਜ ਮੰਡੀ ਵਿੱਚ ਇੱਕ ਵਿਅਕਤੀ ਪਿਆ ਹੈ, ਜਿਸਦੀ ਹਾਲਤ ਕਾਫ਼ੀ ਖ਼ਰਾਬ ਹੈ। ਜਦੋਂ ਅਸੀਂ ਉੱਥੇ ਜਾਕੇ ਵੇਖਿਆ ਤਾਂ ਉਹ ਟਾਇਲਟ ਬਾਥਰੂਮ ਵੀ ਲੇਟ ਕੇ ਹੀ ਕਰ ਰਿਹਾ ਸੀ। ਉਸਦੀ ਰੀਡ ਦੀ ਹੱਡੀ ਵਿੱਚ ਮੁਸ਼ਕਿਲ ਨਜ਼ਰ ਆ ਰਹੀ ਸੀ ਅਤੇ ਉਥੇ ਹੀ ਉਸਨੂੰ ਗਠੀਆ ਦੀ ਵੀ ਪ੍ਰਾਬਲਮ ਸੀ। ਜਿਸਦੀ ਵਜਾ ਨਾਲ ਉਸਦੇ ਹੱਥ ਪੈਰ ਮੁੜ ਚੁੱਕੇ ਸਨ। ਹੁਣ ਉਸਦਾ ਇਲਾਜ ਕੀਤਾ ਜਾ ਰਿਹਾ ਹੈ, ਉਸਦੀ ਹਾਲਤ ਵਿੱਚ ਸੁਧਾਰ ਹੈ ਅਤੇ ਉਸਦੀ ਸਾਰੀ ਦੇਖਭਾਲ ਅਤੇ ਦਵਾਈ ਬੂਟੀ ਦਾ ਖਰਚਾ ਬਰਨਾਲਾ ਐਸਐਸਪੀ ਸੰਦੀਪ ਗੋਇਲ ਵਲੋਂ ਕੀਤਾ ਜਾ ਰਿਹਾ ਹੈ।