ਬਰਨਾਲਾ: ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਜ਼ੁਰਗਾਂ ਅਤੇ ਸਹਿ ਰੋਗਾਂ ਵਾਲੇ ਵਿਅਕਤੀਆਂ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਜ਼ਿਲੇ ਦੇ ਸਮੁੱਚੇ ਸੇਵਾ ਕੇਂਦਰਾਂ ਵਿੱਚ ਕੋਵਿਡ -19 ਟੀਕਾਕਰਨ ਲਈ ਰਜਿਸਟਰੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਖੇ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਫੀਸ 30 ਰੁਪਏ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਆਪਣੇ ਨਾਲ ਆਪਣਾ ਆਧਾਰ ਕਾਰਡ, ਮੋਬਾਈਲ ਫੋਨ ਅਤੇ ਸਹਿ-ਰੋਗ ਹੋਣ ਦੀ ਸਥਿਤੀ ਵਿੱਚ ਮੈਡੀਕਲ ਸਰਟੀਫਿਕੇਟ ਨਾਲ ਲੈ ਕੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਹਿ-ਰੋਗਾਂ ਵਾਲੇ ਵਿਅਕਤੀ ਮੁਹਿੰਮ ਦੇ ਮੌਜੂਦਾ ਪੜਾਅ ਦੌਰਾਨ ਟੀਕਾਕਰਨ ਦੇ ਯੋਗ ਹਨ ਅਤੇ ਉਹ ਜ਼ਿਲ੍ਹੇ ਭਰ ਦੇ ਸਮੁੱਚੇ ਸੇਵਾ ਕੇਂਦਰਾਂ ’ਤੇ ਟੀਕਾਕਰਨ ਲਈ ਬੁਕਿੰਗ ਕਰ ਸਕਦੇ ਹਨ, ਜਦੋਂਕਿ ਟੀਕਾ ਹਸਪਤਾਲ ’ਚ ਹੀ ਲੱਗੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰ ਵਿਖੇ ਟੀਕਾਕਰਨ ਰਜਿਸ਼ਟ੍ਰੇਸ਼ਨ ਇੱਕ ਓਟੀਪੀ ਆਧਾਰਿਤ ਸਿਸਟਮ ਹੈ, ਜਿੱਥੇ ਲਾਭਪਾਤਰੀਆਂ ਦੇ ਮੋਬਾਈਲ ਨੰਬਰ ’ਤੇ ਪਾਸਵਰਡ ਭੇਜਿਆ ਜਾਂਦਾ ਹੈ। ਇਸ ਲਈ ਸਾਰੇ ਯੋਗ ਲਾਭਪਾਤਰੀ ਸੇਵਾ ਕੇਂਦਰ ਆਉਣ ਵੇਲੇ ਆਪਣੇ ਮੋਬਾਈਲ ਜ਼ਰੂਰ ਨਾਲ ਲੈ ਕੇ ਆਉਣ। ਲਾਭਪਾਤਰੀਆਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ’ਤੇ ਟੀਕਾਕਰਨ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ ਪ੍ਰਾਪਤ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਸਮੂਹ ਯੋਗ ਲਾਭਪਾਤਰੀਆਂ ਨੂੰ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨਾਂ ਨੂੰ ਲਾਗ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਸਕਦਾ ਹੈ।