ਬਰਨਾਲਾ: ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਬਾਰਡਰ ’ਤੇ ਬੈਠੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਜਿਸ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰਾਂ ਦੀਆਂ ਮਾਰੀਆਂ ਨੀਤੀਆਂ ਦੇ ਨਾਲ ਨਾਲ ਹੁਣ ਕਿਸਾਨਾਂ ਨੂੰ ਕੁਦਰਤੀ ਮਾਰ ਵੀ ਝੇਲਣੀ ਪੈ ਰਹੀ ਹੈ। ਲਗਾਤਾਰ ਦੋ ਦਿਨਾਂ ਤੋਂ ਬੇਮੌਸਮੀ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਕੇ ਰੱਖ ਦਿੱਤਾ ਹੈ। ਇਸ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁਚਾਇਆ ਹੈ। ਮੀਂਹ ਕਾਰਨ ਫਸਲ ਧਰਤੀ ’ਤੇ ਵਿਛ ਚੁੱਕੀ ਹੈ। ਇਸ ਤੋਂ ਇਲਾਵਾ ਸਰੋਂ ਅਤੇ ਪੁੱਟਣ ਨੂੰ ਰਹਿੰਦੀ ਆਲੂ ਦੀ ਫਸਲ ਨੂੰ ਵੀ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ।
ਸਰਕਾਰੀ ਨੀਤੀਆਂ ਕਾਰਨ ਪਹਿਲਾਂ ਹੀ ਪਰੇਸ਼ਾਨ ਅਸੀਂ - ਕਿਸਾਨ
ਕਿਸਾਨ ਗੁਰਮੀਤ ਸਿੰਘ ਗਾਗੇਵਾਲ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਉਹ ਦੁਖੀ ਹਨ। ਉੱਥੇ ਇਸ ਬੇਮੌਸਮੀ ਮਾਰ ਨੇ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਕਰ ਦਿੱਤਾ ਹੈ। ਸਰਕਾਰਾਂ ਦੇ ਨਾਲ ਹੁਣ ਕੁਦਰਤ ਵੀ ਕਿਸਾਨਾਂ ਦੀ ਵੈਰੀ ਬਣ ਚੁੱਕੀ ਹੈ। ਕਿਸਾਨ ਸਿਕੰਦਰ ਸਿੰਘ ਮਾਨ ਨੇ ਦੱਸਿਆ ਕਿ ਕਣਕ ਦੀ ਫਸਲ ਪੱਕ ਕੇ ਰੰਗ ਵਟਾ ਰਹੀ ਹੈ। ਪਰ ਮੀਂਹ ਹਨੇਰੀ ਨੇ ਫਸਲ ਨੂੰ ਧਰਤੀ ’ਤੇ ਸੁੱਟ ਦਿੱਤਾ ਹੈ। ਜਿਸ ਕਾਰਨ ਹੇਠਾਂ ਡਿੱਗੀ ਫਸਲ ਵਿੱਚੋਂ ਕਣਕ ਦਾ ਦਾਣਾ ਨਹੀਂ ਬਣੇਗਾ। ਜਿਸ ਕਰਕੇ ਇਸਦਾ ਸਿੱਧਾ ਅਸਰ ਫਸਲ ਦੇ ਝਾੜ ’ਤੇ ਪਵੇਗਾ।
ਇਹ ਵੀ ਪੜੋ: ਸੰਗਤ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰੇ: ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ
ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਇਸ ਨੁਕਸਾਨ ਲਈ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਵੀ ਨਹੀਂ ਦਿੰਦੀ ਹੈ। ਇਸ ਸਬੰਧ ’ਚ ਬਲਾਕ ਖੇਤੀਬਾੜੀ ਅਧਿਕਾਰੀ ਡਾ.ਗੁਰਵਿੰਦਰ ਸਿੰਘ ਨੇ ਕਿਹਾ ਕਿ ਜਿਹੜੀ ਕਣਕ ਦੀ ਫਸਲ ਨੂੰ ਵੱਧ ਪਾਣੀ ਲੱਗਿਆ ਸੀ, ਉੱਥੇ ਫਸਲ ਡਿੱਗੀ ਹੈ ਅਤੇ ਉਸ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਜਦਕਿ ਹੋਰਨਾਂ ਫਸਲਾਂ ’ਤੇ ਮੀਂਹ ਦਾ ਕੋਈ ਬਹੁਤਾ ਅਸਰ ਨਹੀਂ ਹੋਵੇਗਾ।