ਬਰਨਾਲਾ: ਆਮ ਆਦਮੀ ਪਾਰਟੀ (Aam Aadmi Party) ਵਲੋਂ ਬੀਤੇ ਦਿਨੀਂ ਪੰਜਾਬ ਦੇ ਰਾਜਪਾਲ (Governor of Punjab) ਨੂੰ ਮਿਲ ਕੇ ਵਿਧਾਇਕਾਂ (MLA ) ਦੀ ਸਿਰਫ਼ ਇੱਕ ਪੈਨਸ਼ਨ ਕਰਨ ਦੀ ਮੰਗ ਉਠਾਈ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਉਠਾਈ ਗਈ ਇਸ ਮੰਗ ਨੂੰ ਆਮ ਲੋਕਾਂ ਵੱਲੋਂ ਵੀ ਜਾਇਜ਼ ਠਹਿਰਾਇਆ ਜਾ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ ਅਤੇ ਪਰਮਿੰਦਰ ਸਿੰਘ ਹੰਡਿਆਇਆ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ। ਆਮ ਆਦਮੀ ਪਾਰਟੀ ਵੱਲੋਂ ਜੋ ਮੰਗ ਉਠਾਈ ਗਈ ਹੈ ਇਹ ਬਿਲਕੁਲ ਜਾਇਜ਼ ਹੈ।
ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਪੰਜਾਬ ਵਿੱਚ ਇੱਕ-ਇੱਕ ਵਿਧਾਇਕ ਚਾਰ-ਚਾਰ, ਪੰਜ-ਪੰਜ ਪੈਨਸ਼ਨਾਂ ਲੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਪੈਨਸ਼ਨ ਦਾ ਵਾਧੂ ਬੋਝ ਆਮ ਲੋਕਾਂ ਉੱਪਰ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਵਿਭਾਗਾਂ ਤੋਂ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਇੱਕ ਪੈਨਸ਼ਨ ਮਿਲਦੀ ਹੈ ਤਾਂ ਵਿਧਾਇਕਾਂ ਨੂੰ ਵੀ ਸਿਰਫ ਇਕ ਪੈਨਸ਼ਨ ਹੀ ਮਿਲਣੀ ਚਾਹੀਦੀ ਹੈ। ਜਿਸ ਕਰਕੇ ਪੈਨਸ਼ਨ ਮਿਲਣ ਵਾਲੇ ਨਿਯਮਾਂ ਵਿੱਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਵਿਧਾਇਕਾਂ ਦੀਆਂ ਇਕ ਤੋਂ ਵਧੇਰੇ ਪੈਨਸ਼ਨ ਦਾ ਬੋਝ ਆਮ ਲੋਕਾਂ ‘ਤੇ ਹੀ ਪੈ ਰਿਹਾ ਹੈ।