ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ਵਿੱਚ ਮਿਸ਼ਨ ਮਾਲਵਾ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਭਦੌੜ ਤੋਂ ਚੋਣ ਲੜਨ ਆਏ ਹਨ। ਪ੍ਰੰਤੂ ਮੁੱਖ ਮੰਤਰੀ ਚੰਨੀ ਦੇ ਆਉਣ ਨਾਲ ਕਾਂਗਰਸ ਪਾਰਟੀ ਦਾ ਮਿਸ਼ਨ ਬਰਨਾਲਾ ਵੀ ਸਿਰੇ ਲੱਗਦਾ ਦਿਖਾਈ ਨਹੀਂ ਦੇ ਰਿਹਾ। ਚੋਣਾਂ ਤੋਂ ਦੋ ਦਿਨ ਪਹਿਲਾਂ ਦੇ ਹਾਲਤ ਅਨੁਸਾਰ ਜਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਵਿੱਚ ਕਾਂਗਰਸ ਪਾਰਟੀ ਦੀ ਹਾਲਤ ਪਤਲੀ ਬਣੀ ਹੋਈ ਹੈ। ਤਿੰਨੇ ਸੀਟਾਂ ਤੇ ਫਿ਼ਲਹਾਲ ਪਿਛਲੇ ਵਾਰ ਦੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਪੱਲੜਾ ਭਾਰੀ ਹੈ।
ਇਹ ਵੀ ਪੜੋ: ਕਾਂਗਰਸ ਦੀ ਚੋਣ ਖੇਡ ਵਿਗਾੜੇਗੀ ਕੈਪਟਨ ਦੀ ਪੰਜਾਬ ਲੋਕ ਕਾਂਗਰਸ !
ਹਲਕਾ ਭਦੌੜ ਦਾ ਸਿਆਸੀ ਸਮੀਕਰਨ
ਹਲਕਾ ਭਦੌੜ ਤੋਂ ਭਾਵੇਂ ਮੁੱਖ ਮੰਤਰੀ ਚੰਨੀ ਖ਼ੁਦ ਚੋਣ ਲੜ ਰਹੇ ਹਨ, ਪ੍ਰੰਤੂ ਭਦੌੜ ਹਲਕੇ ਵਿੱਚ ਜ਼ਮੀਨੀ ਪੱਧਰ ਤੇ ਕਾਂਗਰਸ ਪਾਰਟੀ ਮਜਬੂਤ ਦਿਖਾਈ ਨਹੀਂ ਦੇ ਰਹੀ। ਮੁੱਖ ਮੰਤਰੀ ਹੁਣ ਤੱਕ ਸਿਰਫ਼ ਚਾਰ ਵਾਰ ਹਲਕਾ ਭਦੌੜ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਹਨ। ਜਦਕਿ ਉਹਨਾਂ ਦੇ ਪ੍ਰਚਾਰ ਦੀ ਕਮਾਨ ਐਮਸੀ ਮੁਹੰਮਦ ਸਦੀਕ, ਦਰਬਾਰਾ ਸਿੰਘ ਗੁਰੂ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਸੁਰਿੰਦਰ ਕੌਰ ਬਾਲੀਆ ਵਰਗੇ ਨੇਤਾਵਾਂ ਦੇ ਹੱਥ ਰਹੀ।
ਇਹ ਵੀ ਪੜੋ: 52 ਹਲਕਿਆਂ ਵਿੱਹ ਨਹੀਂ ਕੋਈ ਮਹਿਲਾ ਉਮੀਦਵਾਰ
ਮੁੱਖ ਮੰਤਰੀ ਚਰਨਜੀਤ ਚੰਨੀ ਦੇ ਚੋਣ ਪ੍ਰਚਾਰ ਦੀ ਏਨੀ ਵੱਡੀ ਫ਼ੌਜ ਤੇ ਆਮ ਆਦਮੀ ਪਾਰਟੀ ਦਾ ਇਕੱਲਾ ਉਮੀਦਵਾਰ ਲਾਭ ਸਿੰਘ ਉਗੋਕੇ ਹੀ ਭਾਰੀ ਪੈ ਰਿਹਾ ਹੈ। ਜਦਕਿ ਉਸਦੇ ਪ੍ਰਚਾਰ ਲਈ ਪਾਰਟੀ ਪ੍ਰਧਾਨ ਭਗਵੰਤ ਮਾਨ ਹੀ ਇੱਕ ਛੋਟਾ ਜਿਹਾ ਗੇੜਾ ਲਗਾ ਕੇ ਗਏ ਹਨ। ਜਦਕਿ ਬਾਕੀ ਚੋਣ ਪ੍ਰਚਾਰ ਲਾਭ ਨੂੰ ਖ਼ੁਦ ਕਰਨਾ ਪਿਆ ਹੈ। ਅਰਵਿੰਦ ਕੇਜਰੀਵਾਲ ਵੀ ਉਸਦੇ ਪ੍ਰਚਾਰ ਲਈ ਨਹੀਂ ਆਏ। ਸ਼ੋ੍ਰਮਣੀ ਅਕਾਲੀ ਦਲ ਵਲੋਂ ਐਡਵੋਕੇਟ ਸਤਨਾਮ ਸਿੰਘ ਰਾਹੀ ਵਲੋਂ ਵੀ ਜ਼ੋਰ ਅਜ਼ਮਾਈ ਜ਼ਮੀਨੀ ਪੱਧਰ ਤੇ ਕੀਤੀ ਜਾ ਰਹੀ ਹੈ, ਪਰ ਫਿ਼ਲਹਾਲ ਆਪ ਦਾ ਹੱਥ ਕਾਂਗਰਸ ਤੇ ਅਕਾਲੀ ਦਲ ਤੋਂ ਉਪਰ ਦਿਸ ਰਿਹਾ ਹੈ।
ਬਰਨਾਲਾ ਹਲਕੇ ਦਾ ਸਿਆਸੀ ਸਮੀਕਰਨ
ਬਰਨਾਲਾ ਹਲਕੇ ਵਿੱਚ ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਪੁੱਤ ਮਨੀਸ਼ ਬਾਂਸਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਪਰ ਉਸਦੀ ਚੋਣ ਮੁਹਿੰਮ ਰੁੱਸਿਆਂ ਨੂੰ ਮਨਾਉਣ ਵਿੱਚ ਹੀ ਲੰਘ ਗਈ। ਚੋਣਾਂ ਤੋਂ ਸਿਰਫ਼ ਦੋ ਤਿੰਨ ਦਿਨ ਪਹਿਲਾਂ ਕੇਵਲ ਢਿੱਲੋਂ ਨੂੰ ਪਾਰਟੀ ਤੋਂ ਬਰਖਾਸਤ ਕਰਨ ਦਾ ਖਮਿਆਜ਼ਾ ਵੀ ਪਾਰਟੀ ਨੂੰ ਭੁਗਤਣਾ ਪਵੇਗਾ। ਭਾਜਪਾ ਉਮੀਦਵਾਰ ਧੀਰਜ ਦੱਧਾਹੂਰ ਕਾਂਗਰਸ ਦੀ ਹਿੰਦੂ ਵੋਟ ਬੈਂਕ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੇ ਦਿਸ ਰਹੇ ਹਨ।
ਕਾਂਗਰਸ ਫਿ਼ਲਹਾਲ ਤੀਜੇ ਨੰਬਰ ਤੇ ਦਿਸ ਰਹੀ ਹੈ ਅਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ਦਰਮਿਆਨ ਹੈ।ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਪਿਛਲੀ ਵਾਰ ਵਾਂਗ ਮਜਬੂਤ ਦਿਖਾਈ ਦੇ ਰਹੇ ਹਨ। ਇੱਕ ਬਦਲਾਅ ਦੀ ਸੋਚ ਨਾਲ ਆਮ ਲੋਕ ਮੀਤ ਹੇਅਰ ਦਾ ਸਾਥ ਆਪ ਮੁਹਾਰੇ ਦੇ ਰਹੇ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਦੇ ਕੁਲਵੰਤ ਸਿੰਘ ਕੀਤੂ ਵੀ ਆਪ ਉਮੀਦਵਾਰ ਨੁੰ ਚੰਗੀ ਟੱਕਰ ਦੇ ਰਹੇ ਹਨ। ਹਾਥੀ ਦੀ ਚਾਲ ਚੱਲੀ ਅਕਾਲੀ ਦਲ ਦੀ ਚੋਣ ਮੁਹਿੰਮ ਚੰਗਾ ਅਸਰ ਦਿਖਾ ਰਹੀ ਹੈ।
ਮਹਿਲ ਕਲਾਂ ਹਲਕੇ ਦਾ ਸਮੀਕਰਨ
ਮਹਿਲ ਕਲਾਂ ਹਲਕੇ ਵਿੱਚ ਵੀ ਆਪ ਤੇ ਕਾਂਗਰਸ ਵਿੱਚ ਟੱਕਰ ਹੈ। ਜਦਕਿ ਆਪ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਦਾ ਪੱਲੜਾ ਭਾਰੀ ਹੈ। ਜਦਕਿ ਕਾਂਗਰਸ ਉਮੀਦਵਾਰ ਹਰਚੰਦ ਕੌਰ ਦਾ ਹਲਕੇ ਦੇ ਕਾਂਗਰਸੀ ਵਰਕਰਾਂ ਵਲੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਗੱਠਜੋੜ ਵਿਚੋਂ ਮਹਿਲ ਕਲਾਂ ਸੀਟ ਬਸਪਾ ਹਿੱਸੇ ਹੈ ਅਤੇ ਬਸਪਾ ਉਮੀਦਵਾਰ ਚਮਕੌਰ ਸਿੰਘ ਵੀਰ ਦੀ ਚੋਣ ਮੁਹਿੰਮ ਮੱਠੀ ਹੀ ਰਹੀ ਹੈ। ਇਸ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਜਸਵੀਰ ਸਿੰਘ ਖੇੜੀ ਵਲੋਂ ਵੀ ਚੰਗੀ ਵੋਟ ਲਿਜਾਣ ਦੇ ਆਸਾਰ ਹਨ। ਕੁੱਲ ਮਿਲਾ ਕੇ ਬਰਨਾਲਾ ਜ਼ਿਲ੍ਹਾ ਪਿਛਲੀ ਵਾਰ ਵਾਂਗ ਆਪ ਪਾਰਟੀ ਦਾ ਗੜ੍ਹ ਬਣੀ ਸਕਦਾ ਹੈ।