ਬਰਨਾਲਾ : ਮੋਗਾ-ਬਰਨਾਲਾ ਕੌਮੀ ਮਾਰਗ ’ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਵਾਸੀਆਂ ਵਲੋਂ ਪਿੰਡ ਦੀਆਂ ਮੰਗਾਂ ਨੂੰ ਲੈ ਕੇ ਜਾਮ ਲਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਿੰਡ ਦੀ ਸਿਹਤ ਡਿਸਪੈਂਸਰੀ ਦਾ ਸਟਾਫ਼ ਬਦਲੀ ਕੀਤੇ ਜਾਣ ਅਤੇ ਪਿੰਡ ਦੀ ਸਹਿਕਾਰੀ ਸਭਾ ਦੇ ਘੁਟਾਲੇ ਦੀ ਜਾਂਚ ’ਚ ਹੋ ਰਹੀ ਦੇਰੀ ਨੂੰ ਲੈ ਕੇ ਰੋਸ ਕਾਰਨ ਤਿੰਨ ਘੰਟੇ ਲਗਾਤਾਰ ਪ੍ਰਦਰਸ਼ਨ ਕੀਤਾ ਗਿਆ। ਧਰਨੇ ਵਿੱਚ ਭਾਕਿਯੂ (ਉਗਰਾਹਾਂ) ਭਾਕਿਯੂ (ਕਾਦੀਆਂ) ਨਗਰ ਪੰਚਾਇਤ ਗੁਰਦੁਆਰਾ ਕਮੇਟੀ ਸੁਸਾਇਟੀ ਐਕਸ਼ਨ ਕਮੇਟੀ ਨੌਜਵਾਨ ਕਲੱਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਰਦ ਔਰਤਾਂ ਸ਼ਾਮਲ ਸਨ।
ਮੰਗਾਂ ਨਾ ਪੂਰੀਆਂ ਹੋਈਆਂ ਤਾਂ ਕਰਾਂਗੇ ਭੁੱਖ ਹੜਤਾਲ : ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਇੱਕ ਪਾਸੇ ਮੁਹੱਲਾ ਕਲੀਨਿਕ ਖੋਲ੍ਹ ਕੇ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪਿੰਡ ਦੀ ਸਿਹਤ ਡਿਸਪੈਂਸਰੀ ਵਿੱਚ ਡਿਊਟੀ ਦੇ ਰਹੇ ਡਾਕਟਰ ਫਾਰਮੇਸੀ ਅਫ਼ਸਰ ਤੇ ਦਰਜਾ ਚਾਰ ਕਰਮਚਾਰੀ ਦੀ ਬਦਲੀ ਸ਼ਹਿਣਾ ਦੇ ਆਮ ਆਦਮੀ ਕਲੀਨਿਕ ਵਿੱਚ ਕਰ ਦਿੱਤੀ ਹੈ। ਸਟਾਫ਼ ਤੋਂ ਬਗ਼ੈਰ ਡਿਸਪੈਂਸਰੀ ਨੂੰ ਜਿੰਦਰਾ ਲੱਗ ਚੁੱਕਿਆ ਹੈ ਅਤੇ ਸਿਹਤ ਸੁਵਿਧਾ ਠੱਪ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਈ ਸਾਲਾਂ ਤੋਂ ਇਹ ਸਿਹਤ ਕੇਂਦਰ ਪਿੰਡ ਵਾਸੀਆਂ ਨੂੰ ਸਹੂਲਤ ਦਿੰਦਾ ਆ ਰਿਹਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਇਸ ਡਿਸਪੈਂਸਰੀ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਪਿੰਡ ਦੇ ਸਰਪੰਚ ਨੇ ਕਿਹਾ ਕਿ ਜੇਕਰ ਡਿਸਪੈਂਸਰੀ ਵਿਚ ਮੁੜ ਸਟਾਫ ਨਾ ਭੇਜਿਆ ਗਿਆ ਤਾਂ ਉਹ ਭੁੱਖ ਹੜਤਾਲ ਉਤੇ ਬੈਠ ਕੇ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ : 15 ਸਾਲਾ ਨਾਬਾਲਗ ਨੂੰ ਸ਼ਰਾਬ ਪਿਲਾ ਕੇ ਸਰੀਰਕ ਸਬੰਧ ਬਣਾਉਂਦੀ ਸੀ 32 ਸਾਲਾ ਔਰਤ
ਧਰਨਾ ਸਥਾਨ ’ਤੇ ਏਡੀਸੀ (ਡੀ) ਦੇ ਸੁਪਰਡੈਂਟ ਅਨੁਰਾਗ ਸ਼ਰਮਾ ਪੁੱਜੇ ਜਿਨ੍ਹਾਂ ਧਰਨਾਕਾਰੀਆਂ ਦਾ ਮੰਗ ਪੱਤਰ ਲਿਆ। ਉਨ੍ਹਾਂ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਇੱਥੇ ਡਿਸਪੈਂਸਰੀ ਦੀ ਓਪੀਡੀ ਨਾਲ ਕਈ ਮਰੀਜ਼ ਜੁੜੇ ਹੋਏ ਹਨ, ਜਿਸ ਕਾਰਨ ਕਰੀਬ 7 ਪਿੰਡਾਂ ਦੇ ਲੋਕਾਂ ਨੂੰ ਇਲਾਜ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਮੱਦੇਨਜ਼ਰ ਉਹ ਇਸ ਡਿਸਪੈਂਸਰੀ ਲਈ ਡਾਕਟਰ ਨੂੰ ਮੁੜ ਭੇਜਣ ਦਾ ਦਾਅਵਾ ਕਰਦੇ ਨਜ਼ਰ ਆਏ।