ਬਰਨਾਲਾ: ਸੂਬੇ ’ਚ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਮੇਲਿਆਂ ਰਾਹੀ ਘਰ ਘਰ ਨੌਕਰੀ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਝੋਨੇ ਦੇ ਸੀਜ਼ਨ ਦੌਰਾਨ ਉੱਚ ਪੱਧਰੀ ਪੜਾਈਆਂ ਕਰ ਚੁੱਕੇ ਨੌਜਵਾਨ ਨੌਕਰੀਆਂ ਨਾ ਮਿਲਣ ਕਾਰਨ ਝੋਨਾ ਲਗਾ ਕੇ ਮਜ਼ਦੂਰੀ ਕਰ ਰਹੇ ਹਨ। ਇਸੇ ਤਰ੍ਹਾਂ ਹੀ ਬਰਨਾਲਾ ਦੇ ਪਿੰਡ ਹਮੀਦੀ ਵਿਖੇ ਵੀ ਇੱਕ ਪਰਿਵਾਰ ਦੇ ਪੜੇ ਲਿਖੇ ਤਿੰਨ ਮੈਂਬਰ ਝੋਨਾ ਲਗਾ ਕੇ ਮਜ਼ਦੂਰੀ ਕਰਨ ਨੂੰ ਮਜਬੂਰ ਹਨ। ਪਰਿਵਾਰ ’ਚ ਸਰਬਜੀਤ ਕੌਰ ਜੋ ਕਿ ਈਟੀਟੀ/ਐਨਟੀਟੀ ਪਾਸ ਠੇਕਾ ਆਧਾਰਤ ਅਧਿਆਪਕ, ਮੈਕੈਨੀਕਲ ਇੰਜਨੀਅਰਿੰਗ ਕਰ ਰਿਹਾ ਉਸਦਾ ਪੁੱਤਰ ਹਰਮਨ ਸਿੰਘ ਅਤੇ ਸਰਬਜੀਤ ਦਾ ਐਮਏ ਪਾਸ ਭਤੀਜਾ ਗੁਰਪ੍ਰੀਤ ਸਿੰਘ ਝੋਨਾ ਲਗਾ ਕੇ ਮਜ਼ਦੂਰੀ ਕਰ ਰਹੇ ਹਨ।
ਇਸ ਸਬੰਧ ’ਚ ਸਰਬਜੀਤ ਦਾ ਕਹਿਣਾ ਹੈ ਕਿ ਉਹ 2003 ਵਿੱਚ ਕਾਂਗਰਸ ਸਰਕਾਰ ਸਮੇਂ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਈਜੀਐਸ ਸੈਂਟਰਾਂ ਵਿੱਚ ਕੰਮ ਕੀਤਾ। ਜਿਸ ਤੋਂ ਬਾਅਦ ਈਟੀਟੀ ਅਤੇ ਐਨਟੀਟੀ ਪਾਸ ਅਤੇ ਲਗਾਤਾਰ ਨੌਕਰੀ ਲਈ ਸੰਘਰਸ਼ ਕੀਤਾ। ਹੁਣ ਉਸਨੂੰ ਸਿਰਫ਼ 6 ਹਜ਼ਾਰ ਤਨਖ਼ਾਹ ਸਰਕਾਰ ਤੋਂ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਜਿਸ ਕਾਰਨ ਉਹ ਘਰ ਦਾ ਗੁਜਾਰਾ ਕਰਨ ਲਈ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ।
ਦੂਜੇ ਪਾਸੇ ਸਰਬਜੀਤ ਦੇ ਪੁੱਤਰ ਹਰਮਨ ਅਤੇ ਭਤੀਜੇ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੀ ਪੜਾਈ ਦੇ ਆਧਾਰ ’ਤੇ ਕਈ ਥਾਵਾਂ ’ਤੇ ਨੌਕਰੀ ਲੈਣ ਲਈ ਅਪਲਾਈ ਕੀਤਾ ਗਿਆ। ਪਰ ਉਨ੍ਹਾਂ ਨੂੰ ਕਿਤੇ ਵੀ ਰੁਜ਼ਗਾਰ ਨਹੀਂ ਮਿਲਿਆ। ਜਿਸ ਕਰਕੇ ਘਰ ਦੇ ਖਰਚਿਆਂ ਲਈ ਉਨ੍ਹਾਂ ਨੂੰ ਝੋਨਾ ਲਗਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਸਰਕਾਰ ਘਰ-ਘਰ ਰੁਜ਼ਗਾਰ ਦੇਣ ਵਿੱਚ ਫੇਲ੍ਹ ਸਾਬਤ ਹੋਈ ਹੈ।
ਇਹ ਵੀ ਪੜੋ: ਨੌਜਵਾਨ ਦੀਆਂ ਡਿਗਰੀਆਂ ਅਤੇ ਕੌਮੀ ਖੇਡਾਂ ਚ ਗੋਲਡ ਮੈਡਲ ਵੀ ਨਹੀਂ ਬਣੇ ਸਹਾਰਾ