ਬਰਨਾਲਾ: ਕੋਰੋਨਾ ਵਾਇਰਸ ਦੇ ਵਧ ਰਹੇ ਅਸਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ। ਕੋਰੋਨਾ ਕਾਰਨ ਸਰਕਾਰ ਵੱਲੋਂ ਵਿਦਿਅਕ ਅਦਾਰਿਆ ਨੂੰ ਬੰਦ ਰੱਖਣ ਦੀ ਹਦਾਇਤਾ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਲੌਕਡਾਊਨ ਕਾਰਨ ਕਈ ਤਰ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹਨ। ਉੱਥੇ ਹੀ ਆਈਲੈਟਸ ਸੈਂਟਰਾਂ ਦ ਮਾਲਕਾਂ ਵੱਲੋਂ ਵੀ ਆਪਣੀ ਹਾਲਤ ਸਰਕਾਰ ਅੱਗੇ ਪੇਸ਼ ਕੀਤੀ ਗਈ ਹੈ।
ਦੱਸ ਦਈਏ ਕਿ ਜ਼ਿਲ੍ਹੇ ’ਚ ਆਈਲੈਟਸ ਸੈਂਟਰਾਂ ਦੇ ਮਾਲਕਾਂ ਨੇ ਡੀਸੀ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਅੱਗੇ ਸੈਂਟਰਾਂ ਨੂੰ ਖੋਲ੍ਹੇ ਜਾਣ ਦੀ ਮੰਗ ਕੀਤੀ, ਨਾਲ ਹੀ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਦੌਰਾਨ ਆਈਲੈਟਸ ਸੈਂਟਰਾਂ ਦੇ ਮਾਲਕਾਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਥ ਦਿੱਤਾ ਗਿਆ।
ਜ਼ਿਲ੍ਹੇ 'ਚ 70 ਆਈਲੈਟਸ ਸੈਂਟਰਾਂ ਨਾਲ ਜੁੜੇ ਸੈਂਕੜੇ ਲੋਕਾਂ ਤੇ ਇਸਦਾ ਅਸਰ ਪਿਆ
ਇਸ ਮੌਕੇ ਆਈਲੈਟਸ ਸੈਂਟਰਾਂ ਦੇ ਮਾਲਕਾਂ ਨੇ ਦੱਸਿਆ ਕਿ ਕੋਰੋਨਾ ਕਾਰਨ ਆਈਲੈਟਸ ਸੈਂਟਰ ਸਰਕਾਰ ਨੇ ਬੰਦ ਕਰ ਰੱਖੇ ਹਨ। ਜ਼ਿਲ੍ਹੇ ਵਿੱਚ 70 ਆਈਲੈਟਸ ਸੈਂਟਰਾਂ ਨਾਲ ਜੁੜੇ ਸੈਂਕੜੇ ਲੋਕਾਂ ਤੇ ਇਸਦਾ ਅਸਰ ਪੈ ਰਿਹਾ ਹੈ। ਪੰਜਾਬ ਭਰ ਵਿੱਚ ਢਾਈ ਤੋਂ ਤਿੰਨ ਲੱਖ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਆਈਲੈਟਸ ਸੈਂਟਰ ਬੰਦ ਹੋਣ ਕਾਰਨ ਉਨ੍ਹਾਂ ਦੇ ਰੁਜ਼ਗਾਰ ਨੂੰ ਵੱਡੀ ਢਾਹ ਲੱਗੀ ਹੈ। ਜਿਸ ਕਾਰਨ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ 50 ਫ਼ੀਸਦੀ ਵਿਦਿਆਰਥੀਆਂ ਅਤੇ ਸਟਾਫ਼ ਨਾਲ ਆਈਲੈਟਸ ਸੈਂਟਰਾਂ ਨੂੰ ਖੋਲ੍ਹਣ ਦੀ ਖੁੱਲ ਦੇਵੇ।
ਸਾਰੇ ਆਈਲੈਟਸ ਸੈਂਟਰਾਂ ਵਲੋਂ ਕੋਰੋਨਾ ਸਬੰਧੀ ਸਰਕਾਰੀ ਆਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇੱਕ ਮਹੀਨਾ ਹੋਰ ਆਈਲੈਟਸ ਸੈਂਟਰ ਨਾ ਖੋਲ੍ਹੇ ਤਾਂ ਸੈਂਟਰਾਂ ਦੇ ਮਾਲਕ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਣਗੇ।
'ਸ਼੍ਰੋਮਣੀ ਅਕਾਲੀ ਦਲ ਅਤੇ ਆਪ ਨੇ ਦਿੱਤਾ ਸਾਥ'
ਇਸ ਸਬੰਧੀ ਬਰਨਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਆਈਲੈਟਸ ਇੱਕ ਵੱਡਾ ਕਾਰੋਬਾਰ ਬਣ ਚੁੱਕਿਆ ਹੈ। ਜਿਸ ਕਰਕੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕਿਰਾਏ ’ਤੇ ਵੱਡੀਆਂ ਬਿਲਡਿੰਗਾਂ ਦੇ ਕਿਰਾਏ ਭਰਨੇ ਪੈ ਰਹੇ ਹਨ। ਵੱਡੇ ਸਟਾਫ਼ ਦੀਆਂ ਤਨਖ਼ਾਹਾਂ ਦੇਣੀਆਂ ਪੈ ਰਹੀਆਂ ਹਨ। ਪਿਛਲੇ ਲੰਬੇ ਸਮੇਂ ਤੋਂ ਇਹ ਸੈਂਟਰ ਬੰਦ ਹੋਣ ਕਾਰਨ ਆਈਲੈਟਸ ਸੈਂਟਰਾਂ ਦੇ ਮਾਲਕਾਂ ਨੂੰ ਵੱਡਾ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ। ਫਿਲਹਾਲ ਡੀਸੀ ਬਰਨਾਲਾ ਵਲੋਂ ਆਈਲੈਟਸ ਸੈਂਟਰਾਂ ਦੇ ਮਾਲਕਾਂ ਦੀ ਇਸ ਮੰਗ ਵੱਲ ਖਾਸ ਧਿਆਨ ਦੇਣ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜੋ: KISAN HUT: 'ਕਿਸਾਨ ਕਾਰਪੋਰਟ ਘਰਾਣਿਆਂ ਨੂੰ ਇੰਝ ਦੇਣਗੇ ਸਿੱਧੀ ਟੱਕਰ'