ਬਰਨਾਲਾ: ਕੋਰੋਨਾ ਵਾਇਰਸ ਦੇ ਦੇਸ਼ ਭਰ ‘ਚ ਮਾਮਲੇ ਵਧਣੇ ਸੁਰੂ ਹੋ ਗਏ ਹਨ। ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ‘ਚ ਅਲਰਟ ਜਾਰੀ ਕੀਤਾ ਹੈ। ਕੁੱਝ ਸੂਬਿਆਂ ‘ਚ ਲੋਕਡਾਊਨ ਦੁਬਾਰਾ ਸੁਰੂ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਸਬੰਧੀ ਬਰਨਾਲਾ ਜ਼ਿਲ੍ਹੇ ‘ਚ ਕੋਈ ਹਲਚਲ ਦਿਖਾਈ ਨਹੀਂ ਦੇ ਰਹੀ। ਪੂਰੇ ਜ਼ਿਲ੍ਹੇ ‘ਚ ਕੋਰੋਨਾ ਦੇ ਸਿਰਫ 24 ਐਕਟਿਵ ਕੇਸ ਹਨ। ਕੋਰੋਨਾ ਦੇ ਮਾਮਲੇ ਵਧਣ ਦੀ ਦਰ ਬਹੁਤ ਘੱਟ ਹੈ। ਜਿਸ ਕਰਕੇ ਬਰਨਾਲਾ ਜ਼ਿਲ੍ਹੇ ‘ਚ ਲੌਕਡਾਊਨ ਲੱਗਣ ਦੀ ਵੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ।
ਇਸ ਸਬੰਧੀ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦਾ ਕੋਈ ਵੱਡਾ ਪ੍ਰਭਾਵ ਦੇਖਣ ਨੂੰ ਨਹੀਂ ਮਿਲ ਰਿਹਾ ਅਤੇ ਕਿਸਾਨੀ ਸੰਘਰਸ਼ ਕਾਰਨ ਸਰਕਾਰ ਵਲੋਂ ਕੋਰੋਨਾ ਦਾ ਮਾਹੌਲ ਖੜਾ ਕੀਤਾ ਜਾ ਰਿਹਾ ਹੈ ਤਾਂ ਜੋ ਮਾਹੌਲ ਬਣਾ ਕੇ ਲੋਕਾਂ ‘ਚ ਸਹਿਮ ਪੈਦਾ ਕੀਤਾ ਜਾ ਸਕੇ। ਲੋਕਾਂ ਦਾ ਕਹਿਣਾ ਕਿ ਪਹਿਲਾਂ ਲੱਗੇ ਲੌਕਡਾਊਨ ਨੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੇ ਹਨ ਜੋ ਹੁਣ ਤੱਕ ਕੰਮ ਕਾਰ ਸਹੀ ਨਹੀਂ ਹੋ ਸਕੇ। ਜੇਕਰ ਮੁੜ ਲੌਕਡਾਊਨ ਦੀ ਸਥਿਤੀ ਬਣਦੀ ਹੈ ਤਾਂ ਕਾਰੋਬਾਰ ਠੱਪ ਹੋ ਜਾਵੇਗਾ।
ਉਧਰ ਇਸ ਸਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਅਜੇ ਕੋਈ ਮਾਰ ਨਹੀਂ ਹੈ। ਲੋਕ ਆਮ ਵਾਂਗ ਖਰੀਦਦਾਰੀ ਕਰ ਰਹੇ ਹਨ। ਸਰਕਾਰ ਅਜੇ ਕੋਰੋਨਾ ਨੂੰ ਲੈ ਕੇ ਲੌਕਡਾਊਨ ਨਾ ਲਗਾਵੇ, ਕਿਉਂਕਿ ਜੇਕਰ ਲੌਕਡਾਊਨ ਲੱਗ ਜਾਂਦਾ ਹੈ ਤਾਂ ਵਪਾਰ ਮੁੜ ਪ੍ਰਭਾਵਿਤ ਹੋ ਜਾਵੇਗਾ ।