ਬਰਨਾਲਾ: ਬੀਤੇ ਦਿਨੀਂ ਸਰਕਾਰੀ ਮੁਲਾਜ਼ਮ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦੇ ਹੱਕ ਵਿੱਚ ਸਰਕਾਰੀ ਮੁਲਾਜ਼ਮ ਡੀਸੀ ਦਫ਼ਤਰ ਤੋਂ ਇੱਕ ਰੋਸ ਮਾਰਚ ਸ਼ੁਰੂ ਕਰਕੇ ਬਾਜ਼ਾਰਾਂ ਵਿੱਚ ਹੁੰਦੇ ਹੋਏ ਪੱਕੇ ਮੋਰਚੇ ਵਿੱਚ ਪਹੁੰਚੇ। ਜ਼ਿਲ੍ਹੇ ਦੇ ਸਮੂਹ ਸਰਕਾਰੀ ਮੁਲਾਜ਼ਮ ਆਪਣਾ ਕੰਮਕਾਰ ਛੱਡ ਕੇ ਇਸ ਮੋਰਚੇ ਵਿੱਚ ਸ਼ਾਮਿਲ ਹੋਏ।
ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਦਾ ਗਵਰਨਰ ਅਤੇ ਸਰਕਾਰ ਚਾਹੇ ਤਾਂ ਧਨੇਰ ਦੀ ਤੁਰੰਤ ਰੱਦ ਕੀਤੀ ਜਾ ਸਕਦੀ ਹੈ। ਇਸ ਸਮੇਂ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਭੱਠਲ ਨੇ ਕਿਹਾ ਕਿ ਮਨਜੀਤ ਧਨੇਰ ਨੂੰ ਇੱਕ ਝੂਠੇ ਕਤਲ ਮਾਮਲੇ 'ਚ ਸਜ਼ਾ ਦਿੱਤੀ ਗਈ ਹੈ। ਬਰਨਾਲਾ ਦਾ ਬੱਚਾ-ਬੱਚਾ ਜਾਣਦਾ ਹੈ ਕਿ ਮਨਜੀਤ ਨੇ ਇੱਕ ਲੋਕ ਆਗੂ ਹੈ, ਜਿਸ ਨੂੰ ਇੱਕ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ।
ਇਹ ਵੀ ਪੜ੍ਹੋ: ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਤੇ ਭੇਜਿਆ ਗਿਆ
ਇਸ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸੁਖਪੁਰ ਨੇ ਕਿਹਾ ਕਿ ਮਨਜੀਤ ਧਨੇਰ ਨੇ ਇੱਕ ਹੈਂਡੀਕੈਪਟ ਅਧਿਆਪਕ ਦੀ ਬੱਚੀ ਕਿਰਨਜੀਤ ਕੌਰ ਦੇ ਬਲਾਤਕਾਰ ਕਤਲ ਮਾਮਲੇ ਵਿੱਚ ਅੱਗੇ ਹੋ ਕੇ ਸੰਘਰਸ਼ ਲੜਿਆ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਸੀ ਜਿਸ ਦੀ ਰੰਜਿਸ਼ ਤਹਿਤ ਮਨਜੀਤ ਧਨੇਰ ਨੂੰ ਇੱਕ ਝੂਠੇ ਕਤਲ ਵਿੱਚ ਫਸਾਇਆ ਗਿਆ ਹੈ।
ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪੱਕੇ ਮੋਰਚੇ ਦੀ ਅਗਵਾਈ ਕਰ ਰਹੇ ਬੂਟਾ ਸਿੰਘ ਬੁਰਜਗਿਲ ਨੇ ਕਿਹਾ ਕਿ ਸਰਕਾਰ ਧਨੇਰ ਦੀ ਸਜ਼ਾ ਦੇ ਮਾਮਲੇ ਵਿੱਚ ਜਾਣ ਬੁੱਝ ਕੇ ਚੁੱਪ ਵੱਟੀ ਬੈਠੀ ਹੈ। ਪਿਛਲੇ 18 ਦਿਨਾਂ ਤੋਂ ਉਨ੍ਹਾਂ ਵੱਲੋਂ ਬਰਨਾਲਾ ਜੇਲ੍ਹ ਅੱਗੇ ਸ਼ਾਂਤਮਈ ਤੌਰ 'ਤੇ ਧਰਨਾ ਲਾਇਆ ਗਿਆ ਹੈ, ਹੁਣ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੰਘਰਸ਼ ਨੂੰ ਕਿਸੇ ਵੀ ਸਮੇਂ ਕੋਈ ਵੱਡਾ ਰੂਪ ਦਿੱਤਾ ਜਾ ਸਕਦਾ ਹੈ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।