ਬਰਨਾਲਾ: 9 ਮਈ ਨੂੰ ਦੁਨੀਆ ਭਰ ਵਿੱਚ ਮਦਰਜ਼ ਡੇਅ ਮਨਾਇਆ ਜਾ ਰਿਹਾ ਹੈ, ਪਰ ਇਹ ਮਦਰਜ਼ ਡੇਅ ਉਨ੍ਹਾਂ ਮਹਿਲਾਵਾਂ ਲਈ ਵੀ ਬੇਹਦ ਖ਼ਾਸ ਹੈ ਜੋ ਪਿਛਲੇ ਇੱਕ ਸਾਲ ਤੋਂ ਕੋਰੋਨਾ ਮਹਾਂਮਾਰੀ ਵਿਚਾਲੇ ਫਰੰਟ ਲਾਈਨ 'ਤੇ ਰਹਿ ਕੇ ਕੰਮ ਕਰ ਰਹੀਆਂ ਹਨ। ਜਿਥੇ ਇਹ ਮਹਿਲਾਵਾਂ ਸਿਹਤ ਵਿਭਾਗ, ਪੁਲਿਸ ਮਹਿਕਮੇ ਜਾਂ ਹੋਰਨਾਂ ਵਿਭਾਗਾਂ ਵਿੱਚ ਬਤੌਰ ਕੋਰੋਨਾ ਵਾਰੀਅਰ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਉਹ ਘਰ 'ਚ ਮਾਂ ਹੋਣ ਦਾ ਫਰਜ਼ ਵੀ ਬਖੂਬੀ ਨਿਭਾ ਰਹੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਮਾਵਾਂ ਦੇ ਲਈ ਕੋਰੋਨਾ ਕਾਲ 'ਚ ਆਪਣੀ ਡਿਊਟੀ ਦੇ ਨਾਲ-ਨਾਲ ਬੱਚਿਆਂ ਦੀ ਦੇਖਭਾਲ ਕਰਨਾ ਕਿੰਨਾਂ ਕੁ ਮੁਸ਼ਕਲ ਰਿਹਾ।
ਫਰਜ਼ ਦੇ ਨਾਲ ਰੱਖਿਆ ਬੱਚਿਆਂ ਦਾ ਵੀ ਖਿਆਲ
ਜੇਕਰ ਗੱਲ ਕਰੀਏ ਤਾਂ ਸਿਹਤ ਅਤੇ ਪੁਲਿਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ’ਚ ਨੌਕਰੀ ਕਰ ਰਹੀਆਂ ਮਹਿਲਾਵਾਂ ਵੱਲੋਂ ਇਹ ਸਮਾਂ ਬੇਹਦ ਮੁਸ਼ਕਲ ਰਿਹਾ। ਇਨ੍ਹਾਂ ਚੋਂ ਕਈ ਖ਼ੁਦ ਵੀ ਡਿਊਟੀ ਦੌਰਾਨ ਕੋਰੋਨਾ ਪੌਜ਼ੀਟਿਵ ਹੋਈਆਂ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਬੱਚਿਆਂ ਤੇ ਪਰਿਵਾਰ ਦਾ ਪੂਰਾ ਖਿਆਲ ਰੱਖਿਆ।
ਕੋਰੋਨਾ ਪੌਜ਼ੀਟਿਵ ਹੋਣ 'ਤੇ ਪਰਿਵਾਰਾਂ ਨੇ ਦਿੱਤਾ ਸਾਥ
ਇਸ ਦੌਰਾਨ ਸਿਹਤ ਵਿਭਾਗ 'ਚ ਵੱਖ-ਵੱਖ ਅਹੁਦੀਆਂ 'ਤੇ ਕੰਮ ਕਰਨ ਵਾਲੀਆਂ ਮਹਿਲਾਂਵਾਂ ਨੇ ਈਟੀਵੀ ਭਾਰਤ ਨਾਲ ਆਪਣਾ ਤਜ਼ਰਬਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਫਰੰਟ ਲਾਈਨ ਤੇ ਰਹਿ ਕੇ ਕੋਰੋਨਾ ਸੈਂਪਲਿੰਗ, ਆਸੀਲੇਸ਼ਨ ਵਾਰਡ, ਕੋਰੋਨਾ ਵਾਰਡ ਵਿੱਚ ਡਿਊਟੀ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਲਈ ਬੱਚਿਆਂ ਤੋਂ ਦੂਰ ਰਹਿਣਾ ਔਖਾ ਰਿਹਾ, ਪਰ ਉਨ੍ਹਾਂ ਨੇ ਹਿੰਮਤ ਨਹੀਂ ਛੱਡੀ। ਘਰ ਪਹੁੰਚ ਕੇ ਉਹ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਰੱਖਦੇ ਹੋਏ ਉਨ੍ਹਾਂ ਨਾਲ ਸਮਾਂ ਵਤੀਤ ਕਰਦੇ ਸਨ। ਇਨ੍ਹਾਂ ਚੋਂ ਕੁੱਝ ਮਹਿਲਾਵਾਂ ਦੇ ਬੱਚੇ ਵੀ ਕੋਰੋਨਾ ਪੌਜ਼ੀਟਿਵ ਹੋਏ, ਪਰ ਹਰ ਮੁਸ਼ਕਲ ਸਮੇਂ 'ਚ ਦਲੇਰ ਮਹਿਲਾਵਾਂ ਨੇ ਚੰਗੀ ਮਾਂ ਹੋਣ ਦਾ ਸਬੂਤ ਦਿੱਤਾ। ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਔਖੇ ਸਮੇਂ ਵਿੱਚ ਪਰਿਵਾਰ ਦਾ ਭਰਪੂਰ ਸਾਥ ਮਿਲਿਆ।
ਫਰਜ਼ ਨਿਭਾਉਣਾ ਹੈ ਲਾਜ਼ਮੀ
ਉਥੇ ਹੀ ਬਰਨਾਲਾ ਪੁਲਿਸ ਵਿੱਚ ਬਤੌਰ ਇੰਸਪੈਕਟਰ ਸੇਵਾ ਨਿਭਾ ਰਹੀ ਜਸਵਿੰਦਰ ਕੌਰ ਨੇ ਕਿਹਾ ਕਿ ਉਹ ਲਗਾਤਾਰ ਕੋਰੋਨਾ ਕਾਲ ਵਿੱਚ ਡਿਊਟੀ ਉੱਤੇ ਰਹੇ। ਇਸ ਦੌਰਾਨ ਉਹ ਖ਼ੁਦ ਵੀ ਕੋਰੋਨਾ ਪੌਜ਼ੀਟਿਵ ਹੋ ਗਏ। ਉਹ ਬੱਚਿਆਂ ਤੋਂ ਦੂਰ ਸਨ, ਪਰ ਉਨ੍ਹਾਂ ਦੇ ਬੱਚੇ ਸਮਝਦਾਰ ਹਨ, ਉਹ ਜਾਣਦੇ ਨੇ ਕਿ ਉਨ੍ਹਾਂ ਦੀ ਮਾਂ ਲਈ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਸਮਾਜਿਕ ਤੌਰ 'ਤੇ ਸੇਵਾ ਨਿਭਾਉਣੀ ਲਾਜ਼ਮੀ ਹੈ।