ਬਰਨਾਲਾ: ਪੰਜਾਬ ਵਿੱਚ ਜੁਲਮ ਦੀਆਂ ਘਟਨਾਵਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ। ਸੂਬੇ ਵਿੱਚ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਤੋਂ ਮੁਲਜ਼ਮਾਂ ਦੇ ਬੁਲੰਦ ਹੌਂਸਲਿਆਂ ਬਾਰੇ ਸਾਫ਼ ਪਤਾ ਚੱਲਦਾ ਹੈ। ਜੋ ਨਾ ਤਾਂ ਸੂਬਾ ਸਰਕਾਰ ਦੀ ਪਰਵਾਹ ਕਰਦੇ ਨੇ ਅਤੇ ਨਾ ਹੀ ਪੰਜਾਬ ਪੁਲਿਸ (Punjab Police) ਦੀ ਕੋਈ ਪਰਵਾਹ ਕਰਦੇ ਹਨ। ਬੀਤੇ ਦਿਨੀ ਬਰਨਾਲਾ ਦੇ ਪਿੰਡ ਸੱਦੋਵਾਲ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦਿਨ-ਦਿਹਾੜੇ ਮਾਂ ਅਤੇ ਧੀ ਨੂੰ ਅਗਵਾ ਕੀਤਾ ਗਿਆ ਹੈ।
ਮਾਂ-ਧੀ ਨੂੰ ਅਗਵਾ ਕਰਨ ਦੇ ਇੱਕ ਕਾਰ ਚਾਲਕ ‘ਤੇ ਇਲਜ਼ਾਮ ਲੱਗੇ ਹਨ। ਜਿਸ ਨੂੰ ਲੈਕੇ ਪੀੜਤ ਪਰਿਵਾਰ ਵੱਲੋਂ ਟੱਲੇਵਾਲ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ, ਪਰ ਸ਼ਿਕਾਇਤ ਦਰਜ ਹੋਣ ਦੇ ਕਈ ਘੰਟਿਆ ਬਾਅਦ ਵੀ ਪੁਲਿਸ ਮਾਂ-ਧੀ ਨੂੰ ਲੱਭਣ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਅਗਵਾਹ ਹੋਈ ਪਤਨੀ ਦੇ ਪਤੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਿਤਪਾਲ ਕੌਰ ਤੇ ਉਨ੍ਹਾਂ ਦੀ 6 ਸਾਲ ਦੀ ਧੀ ਨੂੰ ਸਕੂਲ (SCHOOL) ਵਾਲੀ ਬੱਸ ਚੜਾਉਣ ਗਈ ਸੀ। ਜਿੱਥੇ ਕਾਰ ਸਵਾਰ ਵਰੁਣ ਨਾਮ ਦੇ ਵਿਅਕਤੀ ਅਤੇ ਉਸ ਦੇ 2 ਹੋਰ ਅਣਪਛਾਤੇ ਸਾਥੀਆਂ ਨੇ ਉਸ ਦੀ ਪਤਨੀ ਅਤੇ ਧੀ ਨੂੰ ਅਗਵਾ ਕਰ ਲਿਆ।
ਪੀੜਤ ਨੇ ਅਗਵਾਹ ਕਰਨ ਦੀ ਰੰਜਿਸ਼ ਸਬੰਧੀ ਦੱਸਿਆ ਕਿ ਉਸ ਦੀ ਪਤਨੀ ਪਿੰਡ ਹਿੰਮਤਪੁਰਾ ਵਿਖੇ ਡਿਊਟੀ ਕਰਦੀ ਸੀ। ਜਿੱਥੇ ਅਗਵਾ ਕਰਨ ਵਾਲੇ ਵਰੁਣ ਨੇ ਉਸ ਨਾਲ ਜਬਰ ਜ਼ਨਾਹ (Rape) ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਜਬਰ-ਜ਼ਨਾਹ ਮਾਮਲੇ ਵਿੱਚ ਮੁਲਜ਼ਮ ਵਰੁਣ ‘ਤੇ ਮੋਗਾ ਜ਼ਿਲ੍ਹੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਕੇਸ ਸਬੰਧੀ 21 ਸਤੰਬਰ ਨੂੰ ਪੇਸ਼ੀ ‘ਤੇ ਉਸ ਦੀ ਪਤਨੀ ਦੇ ਬਿਆਨ ਅਦਾਲਤ ਵਿੱਚ ਦਰਜ਼ ਹੋਣੇ ਹਨ। ਜਿਸ ਤੋਂ ਪਹਿਲਾਂ ਮੁਲਜ਼ਮ ਨੇ ਪ੍ਰਿਤਪਾਲ ਕੌਰ ਨੂੰ 6 ਸਾਲਾਂ ਦੀ ਬੱਚੇ ਸਮੇਤ ਅਗਵਾਹ ਕਰ ਲਿਆ ਹੈ।
ਪੁਲਿਸ ਵੱਲੋਂ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਣ ‘ਤੇ ਪੀੜਤ ਪਰਿਵਾਰ ਨੇ ਪਿੰਡ ਤੇ ਕਿਸਾਨ ਜਥੇਬੰਦੀਆਂ ਨੂੰ ਲੈਕੇ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜਾਮ ਕੇ ਨਾਅਰੇਬਾਜ਼ੀ ਕੀਤੀ।
ਉਧਰ ਇਸ ਸਬੰਧੀ ਥਾਣਾ ਟੱਲੇਵਾਲ ਦੇ ਐੱਸ.ਐੱਚ.ਓ. ਮੁਨੀਸ਼ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਦੀਪ ਸਿੰਘ ਦੇ ਬਿਆਨ ਦਰਜ ਕਰਕੇ ਵਰੁਣ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਧਾਰਾ 365, 34 ਆਈ.ਪੀ.ਸੀ. ਐਕਟ ਅਧੀਨ ਪਰਚਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਂ-ਧੀ ਦੀ ਭਾਲ ਲਈ ਲਗਾਤਾਰ ਪੁਲਿਸ ਲਗਾਤਾਰ ਮੁਲਜ਼ਮਾਂ ਦੇ ਟਿਕਾਣਿਆ ‘ਤੇ ਛਾਪੇਮਾਰ ਰਹੀ ਹੈ।