ਬਰਨਾਲਾ: ਸਨਅਤੀ ਇਕਾਈਆਂ ਫੈਕਟਰੀਆਂ ਵਿੱਚ ਅਚਨਚੇਤੀ ਗੈਸ ਲੀਕ ਹੋਣ ਜਿਹੀਆਂ ਘਟਨਾਵਾਂ ਤੋਂ ਬਚਾਅ ਦੇ ਮੱਦੇਨਜ਼ਰ ਅਗਾਊਂ ਤਿਆਰੀ ਲਈ ਬਰਨਾਲਾ-ਮਾਨਸਾ ਰੋਡ ’ਤੇ ਟਰਾਈਡੈਂਟ ਲਿਮਟਿਡ ਧੌਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਫ-ਸਾਈਟ ਮੌਕੇ ਡਰਿੱਲ ਕਰਵਾਈ ਗਈ। ਇਸਦਾ ਜਾਇਜ਼ਾ ਐਸਡੀਐਮ ਬਰਨਾਲਾ ਵਰਜੀਤ ਵਾਲੀਆ ਨੇ ਲਿਆ।
![ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਰਾਈਡੈਂਟ ਉਦਯੋਗ ਧੌਲਾ ਵਿਖੇ ਕਰਵਾਈ ਗਈ ਆਫ-ਸਾਈਟ ਮੌਕ ਡਰਿੱਲ](https://etvbharatimages.akamaized.net/etvbharat/prod-images/pb-bnl-tridentandbarnalaadministrationactivity-pb10017_16122020200745_1612f_1608129465_126.jpg)
ਇਹ ਡਰਿੱਲ ਡਿਪਟੀ ਡਾਇਰੈਕਟਰ ਫ਼ੈਕਟਰੀਜ਼ ਸਾਹਿਲ ਗੋਇਲ ਦੀ ਅਗਵਾਈ ਵਿੱਚ ਕਰਵਾਈ ਗਈ, ਜਿਨ੍ਹਾਂ ਦੱਸਿਆ ਕਿ ਲੇਬਰ ਕਮਿਸ਼ਨਰ ਕਮ ਡਾਇਰੈਕਟਰ ਆਫ ਫ਼ੈਕਟਰੀਜ਼ ਪੰਜਾਬ ਪ੍ਰਵੀਨ ਕੁਮਾਰ ਥਿੰਦ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੌਕ-ਡਰਿੱਲ ਕਰਵਾਈ ਗਈ।
![ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਰਾਈਡੈਂਟ ਉਦਯੋਗ ਧੌਲਾ ਵਿਖੇ ਕਰਵਾਈ ਗਈ ਆਫ-ਸਾਈਟ ਮੌਕ ਡਰਿੱਲ](https://etvbharatimages.akamaized.net/etvbharat/prod-images/pb-bnl-tridentandbarnalaadministrationactivity-pb10017_16122020200745_1612f_1608129465_418.jpg)
ਇਸ ਮੌਕੇ ਐਸਡੀਐਮ ਵਾਲੀਆ ਨੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਗੈਸ ਸਿਲੰਡਰਾਂ ਦੇ ਟਰੱਕ ’ਚੋਂ ਕਲੋਰੀਨ ਗੈਸ ਲੀਕ ਹੋਣ ’ਤੇ ਬਚਾਅ ਟੀਮਾਂ ਮੁਸਤੈਦ ਹੋ ਗਈਆਂ। ਇਸ ਦੌਰਾਨ ਜ਼ਿਲ੍ਹੇ ਦੇ ਸਬੰਧਤ ਮਹਿਕਮਿਆਂ ਅਤੇ ਹੋਰ ਟੀਮ ਨਾਲ ਰਾਬਤਾ ਕੀਤਾ ਗਿਆ, ਜਿਸ ਦੌਰਾਨ ਸਿਵਲ ਹਸਪਤਾਲ ਦੀਆਂ ਟੀਮਾਂ, ਐਂਬੂਲੈਂਸਾਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਹੋਰ ਬਚਾਅ ਅਮਲਾ ਮੌਕੇ ’ਤੇ ਪਹੁੰਚਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਸਾਹਿਲ ਗੋਇਲ ਨੇ ਇਸ ਡਰਿੱਲ ਦਾ ਉਦੇਸ਼ ਫੈਕਟਰੀਆਂ ਆਦਿ ਵਿੱਚ ਕੋਈ ਵੀ ਅਚਨਚੇਤੀ ਘਟਨਾ ਵਾਪਰਨ ’ਤੇ ਸਬੰਧਤ ਮਹਿਕਮਿਆਂ ਅਤੇ ਬਚਾਅ ਟੀਮਾਂ ਨੂੰ ਚੌਕਸ ਅਤੇ ਤਿਆਰ ਬਰ ਤਿਆਰ ਕਰਨਾ ਸੀ ਤਾਂ ਜੋ ਅਜਿਹੀ ਔਖੇ ਵੇਲੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
![ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਰਾਈਡੈਂਟ ਉਦਯੋਗ ਧੌਲਾ ਵਿਖੇ ਕਰਵਾਈ ਗਈ ਆਫ-ਸਾਈਟ ਮੌਕ ਡਰਿੱਲ](https://etvbharatimages.akamaized.net/etvbharat/prod-images/pb-bnl-tridentandbarnalaadministrationactivity-pb10017_16122020200745_1612f_1608129465_846.jpg)
ਇਸ ਮੌਕੇ ਟਰਾਈਡੈਂਟ ਗਰੁੱਪ ਤੋਂ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ਉਦਯੋਗ ਵਿਚ ਪਹਿਲੀ ਵਾਰ ਜ਼ਿਲ੍ਹਾ ਪੱਧਰ ਦੀ ਮੌਕ ਡਰਿੱਲ ਕਰਵਾਈ ਗਈ ਹੈ, ਜਿਸ ਲਈ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦਾ ਧੰਨਵਾਦ ਕੀਤਾ।