ਬਰਨਾਲਾ : ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਿਸਾਨ ਮਜ਼ਦੂਰ ਏਕਤਾ ਮਹਾਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮਹਾਰੈਲੀ ਵਿੱਚ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ, ਔਰਤਾਂ, ਨੌਜਵਾਨ, ਮਜ਼ਦੂਰ ਅਤੇ ਵੱਖ ਵੱਖ ਵਰਗਾਂ ਦੇ ਲੋਕ ਪਹੁੰਚੇ। ਇਸ ਮਹਾਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਕੁਲਵੰਤ ਸਿੰਘ ਸੰਧੂ, ਪੰਜਾਬੀ ਲੋਕ ਗਾਇਕ ਕੰਵਰ ਗਰੇਵਾਲ, ਪੰਮੀ ਬਾਈ ਤੋਂ ਇਲਾਵਾ ਹੋਰ ਵੀ ਅਨੇਕਾਂ ਪ੍ਰਸਿੱਧ ਹਸਤੀਆਂ ਸ਼ਾਮਲ ਹੋਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਇਸ ਮਹਾਰੈਲੀ ਵਿੱਚ ਦੋ ਲੱਖ ਦੇ ਕਰੀਬ ਪੰਜਾਬ ਭਰ ਤੋਂ ਲੋਕ ਸ਼ਾਮਲ ਹੋਏ ਹਨ। ਜਿਸ ਕਰਕੇ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨਾਂ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਵਿਰੁੱਧ ਬਹੁਤ ਜ਼ਿਆਦਾ ਰੋਸ ਹੈ। ਇਹ ਇਕੱਠ ਰੈਲੀ ਦੇ ਪ੍ਰਬੰਧਕਾਂ ਦੀ ਆਸ ਤੋਂ ਕਿਤੇ ਵਧੇਰੇ ਵੱਡਾ ਹੋਇਆ ਹੈ।
ਇਸ ਰੈਲੀ ਉਪਰੰਤ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚ 23 ਫਰਵਰੀ ਨੂੰ ਕਿਸਾਨੀ ਮੋਰਚੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਉਣ, 27 ਫਰਵਰੀ ਨੂੰ ਪੰਜਾਬ ਤੋਂ ਵਹੀਰਾਂ ਘੱਤ ਕੇ ਦਿੱਲੀ ਵਿਖੇ ਕਿਸਾਨਾਂ ਨੂੰ ਪਹੁੰਚਣ ਦਾ ਸੱਦਾ ਅਤੇ 8 ਮਾਰਚ ਨੂੰ ਔਰਤ ਦਿਵਸ ਦਿੱਲੀ ਦੀਆਂ ਹੱਦਾਂ 'ਤੇ ਮਨਾਉਣ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਖੇਤੀ ਕਾਨੂੰਨ ਹਰ ਹਾਲਤ ਵਾਪਸ ਲੈਣੇ ਹੀ ਪੈਣੇ ਹਨ। ਇਸ ਰੈਲੀ ਦਾ ਕੇਂਦਰ ਸਰਕਾਰ ਤੇ ਵੱਡਾ ਦਬਾਅ ਬਣੇਗਾ।
ਇਹ ਵੀ ਪੜ੍ਹੋ: ਰੇਲ ਰੋਕੋ ਅੰਦੋਲਨ: ਅੰਬਾਲਾ ਦੇ ਸ਼ਾਹਪੁਰ ਗੇਟ 'ਤੇ ਬੈਠੇ 150 ਕਿਸਾਨਾਂ ’ਤੇ ਐਫ.ਆਈ.ਆਰ.