ਭਦੌੜ/ਬਰਨਾਲਾ: ਸਿਵਲ ਹਸਪਤਾਲ ਭਦੌੜ ਵਿੱਚ ਵੀ ਪੰਜਾਬ ਦੇ ਬਾਕੀ ਹਸਪਤਾਲਾਂ ਵਾਂਗ ਲੋਕਾਂ ਲਈ ਨਸ਼ੇ ਛੁਡਵਾਉਣ ਲਈ ਸਰਕਾਰ ਵੱਲੋਂ ਇੱਕ ਗੋਲੀ ਦਿੱਤੀ ਜਾ ਰਹੀ ਹੈ, ਜਿਸ ਲਈ ਉਹਨਾਂ ਲੋਕਾਂ ਦੇ ਪੱਕੇ ਕਾਰਡ ਬਣੇ ਹੋਏ ਹਨ ਅਤੇ ਦਫ਼ਤਰੀ ਸਮੇਂ ਦੌਰਾਨ ਨਸ਼ਾ ਛੱਡਣ ਵਾਲੇ ਲੋਕ ਲਾਈਨਾਂ ਲਗਾ ਕੇ ਰੋਜ਼ਾਨਾ ਇਹ ਗੋਲੀ ਲੈ ਕੇ ਜਾਂਦੇ ਸਨ। ਪਰ ਅੱਜ ਐਤਵਾਰ ਹੋਣ ਕਾਰਨ ਹਸਪਤਾਲ ਦੇ ਮੁਲਾਜ਼ਮ ਛੁੱਟੀ ਉੱਤੇ ਸਨ ਅਤੇ ਕਿਸੇ ਨੇ ਖਿੜਕੀ ਤੋੜ ਕੇ ਅਲਮਾਰੀ ਵਿੱਚ ਰੱਖੀਆਂ ਗੋਲੀਆਂ ਦੇ ਤਕਰੀਬਨ 9-10 ਡੱਬੇ ਚੋਰੀ ਕਰ ਲਏ, ਜਿਨ੍ਹਾਂ ਦੀ ਕੁੱਲ ਗਿਣਤੀ ਤਕਰੀਬਨ 9000 ਤੋਂ 10000 ਦੱਸੀ ਜਾ ਰਹੀ ਹੈ, ਪਰੰਤੂ ਹਸਪਤਾਲ ਵਿੱਚ ਛੁੱਟੀ ਹੋਣ ਕਾਰਨ ਇਹਨਾਂ ਦੀ ਸਹੀ ਗਿਣਤੀ ਅਜੇ ਤੱਕ ਪਤਾ ਨਹੀਂ ਲੱਗ ਸਕੀ।
ਕੀ ਕਹਿਣਾ ਹੈ ਹਸਪਤਾਲ ਸਟਾਫ਼ ਦਾ: ਜਦੋਂ ਇਸ ਸਬੰਧੀ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਹੋਰ ਕੋਈ ਵੀ ਅਧਿਕਾਰੀ ਹਸਪਤਾਲ ਵਿੱਚ ਮੌਜੂਦ ਨਹੀਂ ਸੀ ਜਿਸ ਕਾਰਨ ਅੱਜ ਛੁੱਟੀ ਵਾਲਾ ਦਿਨ ਹੋਣ ਕਾਰਨ ਚੋਰੀ ਹੋਈਆਂ ਗੋਲੀਆਂ ਦੀ ਸਹੀ ਗਿਣਤੀ ਪਤਾ ਨਹੀਂ ਲੱਗ ਸਕੀ। ਪ੍ਰੰਤੂ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਵਿੱਚ ਚੋਰੀ ਹੋਈਆਂ ਗੋਲੀਆਂ ਦੀ ਗਿਣਤੀ 9000 ਤੋਂ 10000 ਦੱਸੀ ਜਾ ਰਹੀ ਹੈ।
ਐਮ.ਓ ਨੇ ਗੋਲੀਆਂ ਚੋਰੀ ਸਬੰਧੀ ਦਿੱਤੀ ਜਾਣਕਾਰੀ: ਜਦੋਂ ਇਸ ਸਬੰਧੀ ਬਰਨਾਲਾ ਜ਼ਿਲ੍ਹੇ ਦੇ ਸੀ ਐਮ.ਓ ਡਾਕਟਰ ਜਸਵੀਰ ਸਿੰਘ ਔਲਖ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਭਦੌੜ ਹਸਪਤਾਲ ਵਿੱਚ ਗੋਲੀਆਂ ਚੋਰੀ ਤਾਂ ਹੋਈਆਂ ਹਨ ਪ੍ਰੰਤੂ ਉਹਨਾਂ ਦੀ ਗਿਣਤੀ ਸੋਮਵਾਰ ਸਵੇਰੇ ਮੁਲਾਜ਼ਮਾਂ ਦੇ ਆਉਣ ਤੇ ਹੀ ਪਤਾ ਲੱਗ ਸਕਦੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ: ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰੀ ਹੋਈਆਂ ਗੋਲੀਆਂ ਦੀ ਸਹੀ ਮਾਤਰਾ ਸਵੇਰੇ ਮੁਲਾਜਮਾਂ ਦੇ ਆਉਣ ਤੇ ਹੀ ਪਤਾ ਲੱਗੇਗੀ ਅਤੇ ਉਸ ਤੋਂ ਬਾਅਦ ਜੋ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ।