ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਦੀ ਇੱਕ ਕੁੜੀ ਕੌਰ ਮਨਪ੍ਰੀਤ ਕੌਰ ਦੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਮੌਤ ਹੋ ਗਈ ਹੈ। ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਕਰੀਬ ਚਾਰ ਵਜੇ ਮਿਲੀ ਹੈ। ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਲੜਕੀ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕਰੀਬ ਇੱਕ ਸਾਲ ਪਹਿਲਾਂ ਕੈਨੇਡਾ ਗਈ ਸੀ ਅਤੇ ਉਸ ਨੂੰ 22 ਅਗਸਤ ਨੂੰ ਟੋਰਾਂਟੋ ਪੜ੍ਹਾਈ ਲਈ ਗਏ ਸਾਲ ਹੋ ਜਾਣਾ ਸੀ। ਸਵੇਰ ਦੇ ਸਮੇਂ ਡਾਕਟਰਾਂ ਦਾ ਫੋਨ ਆਇਆ ਕਿ ਉਸ ਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮਨਪ੍ਰੀਤ ਕੌਰ ਦੀ ਇਲਾਜ ਦੌਰਾਨ ਹੋਈ ਮੌਤ: ਉਸ ਦੇ ਨਾਲ ਰਹਿਣ ਵਾਲੀਆਂ ਕੁੜੀਆਂ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਉਲਟੀਆਂ ਲੱਗੀਆਂ ਇਸ ਤੋਂ ਬਾਅਦ ਉਸ ਦੇ ਪੇਟ ਵਿੱਚ ਦਰਦ ਹੋਣ ਲੱਗਿਆ। ਜਿਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਸ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ। ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਲੱਖਾਂ ਰੁਪਏ ਖਰਚ ਕੇ ਕਰੀਬ ਸਾਲ ਪਹਿਲਾਂ ਕੁੜੀ ਕੈਨੇਡਾ ਪੜ੍ਹਨ ਗਈ ਸੀ। ਜਿਸ ਦੀ ਮੌਤ ਹੋ ਗਈ। ਹੁਣ ਉਸ ਦੀ ਲਾਸ਼ ਲਿਆਉਣ ਵਾਸਤੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ।
ਪਹਿਲਾਂ ਵੀ ਹੋਈਆਂ ਮੌਤਾਂ: ਦੱਸ ਦਈਏ ਇਸ ਤੋਂ ਪਹਿਲਾਂ ਵੀ ਕੈਨੇਡਾ ਤੋਂ ਪੰਜਾਬਣਾਂ ਦੀ ਮੌਤ ਸਬੰਧੀ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਅਤੇ ਕੁਝ ਮਹੀਨੇ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਡੂਗਰੀ ਅਵਾਨਾ ਤੋਂ 6 ਮਹੀਨੇ ਪਹਿਲਾਂ ਸਟੱਡੀ ਵੀਜ਼ਾ ਉੱਤੇ ਕੈਨੇਡਾ ਦੇ ਸ਼ਹਿਰ ਸਰੀ ਗਈ ਵਿਆਹੁਤਾ ਔਰਤ ਅਮਨਦੀਪ ਕੌਰ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਪਰਿਵਾਰ ਦਾ ਕਹਿਣਾ ਸੀ ਕਿ ਮ੍ਰਿਤਕਾ ਦੀ ਲਾਸ਼ ਉਸ ਦੇ ਕਮਰੇ ਵਿੱਚ ਹੀ ਪੱਖੇ ਨਾਲ ਲਟਕਦੀ ਮਿਲੀ ਸੀ। ਮ੍ਰਿਤਕਾ ਦੇ ਪਤੀ ਲਖਬੀਰ ਸਿੰਘ ਨੇ ਦੱਸਿਆ ਸੀ ਕਿ 7 ਸਾਲ ਪਹਿਲਾਂ ਉਸ ਦਾ ਵਿਆਹ ਆਦਮਪੁਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਬੀਤੇ ਸਾਲ ਦੀ 21 ਦਸੰਬਰ ਨੂੰ ਹੀ ਅਮਨਪ੍ਰੀਤ ਕੌਰ ਸਟੱਡੀ ਵੀਜ਼ੇ ਉੱਤੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗਈ ਸੀ। ਰੋਜ਼ਾਨਾ ਹੀ ਪਰਿਵਾਰ ਦੀ ਅਮਨਪ੍ਰੀਤ ਨਾਲ ਫੋਨ ਉੱਤੇ ਗੱਲਬਾਤ ਹੁੰਦੀ ਸੀ ਅਤੇ ਉਨ੍ਹਾਂ ਦੀ ਇੱਕ 6 ਸਾਲਾ ਦੀ ਧੀ ਵੀ ਹੈ।