ਬਠਿੰਡਾ: ਪੰਜਾਬ ਸਰਕਾਰ ਵਲੋਂ ਸੂਬੇ ਦੀ ਸੱਤਾ ਸੰਭਾਲਦੇ ਹੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਹੈਲਪਾਈਨ ਜਾਰੀ ਕੀਤੀ ਸੀ, ਜਿਸ 'ਤੇ ਸ਼ਿਕਾਇਤ ਮਿਲਣ ਤੋਂ ਬਾਅਦ ਸਰਕਾਰ ਦੇ ਮੰਤਰੀਆਂ ਸਣੇ ਕਈ ਅਧਿਕਾਰੀਆਂ 'ਤੇ ਕਾਰਵਾਈ ਵੀ ਹੋਈ। ਹੁਣ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿਥੇ ਵਿਜੀਲੈਂਸ ਵਿਭਾਗ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ।
ਰਿਸ਼ਵਤ ਦੇ ਪੈਸਿਆਂ ਸਣੇ ਹੌਲਦਾਰ ਕਾਬੂ
ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕਾਰਵਾਈ ਕਰਦੇ ਹੋਏ ਇੱਕ ਹੌਲਦਾਰ ਨੂੰ 70 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਕਤਲ ਮਾਮਲੇ ਵਿੱਚ ਸ਼ਖ਼ਸ ਦਾ ਨਾਮ ਨਾਮਜ਼ਦ ਨਾ ਕਰਨ ਨੂੰ ਲੈ ਕੇ ਥਾਣਾ ਸੰਗਤ ਵਿਖੇ ਤੈਨਾਤ ਹੌਲਦਾਰ ਕੁਲਦੀਪ ਸਿੰਘ ਵੱਲੋਂ 70 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਵਿਜੀਲੈਂਸ ਵਲੋਂ ਕੀਤਾ ਗਿਆ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਵੱਲੋਂ ਪਹਿਲਾਂ ਹੀ ਕੇਸ ਰਜਿਸਟਰਡ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਥਾਣੇ ਦੇ ਨੇੜੇ ਓਵਰ ਬ੍ਰਿਜ ਦੇ ਹੇਠਾਂ ਕੁਲਦੀਪ ਸਿੰਘ ਵੱਲੋਂ 70 ਹਜ਼ਾਰ ਰੁਪਏ ਰਿਸ਼ਵਤ ਦੇ ਲਏ ਗਏ ਪਰ ਜਦੋਂ ਵਿਜੀਲੈਂਸ ਦਾ ਟਰੈਪ ਲੱਗਿਆ ਵੇਖਿਆ ਤਾਂ ਮੌਕੇ ਤੋਂ ਫਰਾਰ ਹੋਣ ਲੱਗਾ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਟੀਮ ਵੱਲੋਂ ਜਦੋਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਿੰਡ ਭੁੱਚੋ ਖੁਰਦ ਨੇੜੇ ਹੌਲਦਾਰ ਕੁਲਦੀਪ ਸਿੰਘ ਨੂੰ ਗੱਡੀ ਸਮੇਤ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਅਤੇ ਕਈ ਗੱਡੀਆਂ ਨੂੰ ਹਿੱਟ ਕੀਤਾ ਗਿਆ।
ਮੁਲਜ਼ਮ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ
ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਹੌਲਦਾਰ ਕੁਲਦੀਪ ਸਿੰਘ ਦੀ ਗੱਡੀ ਦਾ ਟਾਇਰ ਬਲਾਸਟ ਹੋ ਗਿਆ। ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਵੱਲੋਂ 70 ਹਜ਼ਾਰ ਰੁਪਏ ਸਣੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ਤੇ ਨਾਲ ਹੀ ਜੋ ਟੱਕਰ ਇਸ ਵਲੋਂ ਵਾਹਨਾਂ ਨੂੰ ਮਾਰੀ ਗਈ, ਉਹ ਧਾਰਾਵਾਂ ਵੀ ਨਾਲ ਜੋੜੀਆਂ ਜਾਣਗੀਆਂ।