ਬਰਨਾਲਾ: ਦੇਵਿੰਦਰ ਸਤਿਆਰਥੀ ਸਾਹਿਤ ਸਭਾ ਭਦੌੜ ਅਤੇ ਪੰਜਾਬੀ ਸਾਹਿਤ ਸਭਾ ਮੀਰੀ-ਪੀਰੀ ਖ਼ਾਲਸਾ ਕਾਲਜ ਭਦੌੜ ਵੱਲੋਂ ਸਾਹਿਤਕਾਰ ਦੇਵਿੰਦਰ ਸਤਿਆਰਥੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਦੌੜ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬੀ ਦੇ ਪ੍ਰਸਿੱਧ ਲੋਕ ਕਵੀ ਅਤੇ ਸਾਹਿਤਕਾਰ ਸੁਰਜੀਤ ਪਾਤਰ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ। ਉਹਨਾਂ ਦੇਵਿੰਦਰ ਸਤਿਆਰਥੀ ਦੇ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਆਪਣੇ ਸੰਬੋਧਨ ਵਿੱਚ ਉਸਾਰੂ ਸਾਹਿਤ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ। ਉਹਨਾਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: ਡੀਐੱਸਜੀਐੱਮਸੀ ਨੇ ਮਨਜੀਤ ਸਿੰਘ ਜੀ.ਕੇ. ਦੀ ਮੈਂਬਰਸ਼ਿਪ ਕੀਤੀ ਰੱਦ
ਇਸ ਸਮਾਗਮ ਵਿੱਚ ਭਦੌੜ ਦੇ ਜੰਮਪਲ ਕ੍ਰਾਂਤੀਕਾਰੀ ਲਿਖਾਰੀ ਕ੍ਰਿਸ਼ਨ ਕੋਰਪਾਲ ਦੇ ਕਾਵਿ-ਸੰਗ੍ਰਹਿ ‘ਉਠੋ ਨੌਜਵਾਨੋਂ’ ਬਾਰੇ ਤਰਲੋਚਨ ਸਮਰਾਲਾ ਵੱਲੋਂ ਲਿਖਿਆ ਪਰਚਾ ਗੁਰਮੇਲ ਭੁਟਾਲ ਵੱਲੋਂ ਪੜਿਆ ਗਿਆ। ਮਾਸਟਰ ਰਾਮ ਕੁਮਾਰ ਦੇ ਨਿਰਦੇਸ਼ਨ ਹੇਠ ਲੋਕ ਸੰਗੀਤ ਮੰਡਲੀ ਦੇ ਗਾਇਕ ਕੁਲਦੀਪ ਭਦੌੜ ਵੱਲੋਂ ਕ੍ਰਿਸ਼ਨ ਕੋਰਪਾਲ ਅਤੇ ਸੁਰਜੀਤ ਪਾਤਰ ਦੀਆਂ ਰਚਨਾਵਾਂ ਦੀ ਸੰਗੀਤਕ ਪੇਸ਼ਕਾਰੀ ਵੀ ਪੇਸ਼ ਕੀਤੀ ਗਈ।
ਇਸ ਤੋਂ ਇਲਾਵਾ ਓਮ ਪ੍ਰਕਾਸ਼ ਗਾਸੋ, ਰਾਮ ਸਰੂਪ ਰਿਖੀ, ਮਾਸਟਰ ਰਾਮ ਕੁਮਾਰ ਅਤੇ ਗੁਰਮੇਲ ਸਿੰਘ ਭੂਟਾਲ ਵੱਲੋਂ ਕ੍ਰਿਸ਼ਨ ਕੋਰਪਾਲ ਦੇ ਕਾਵਿ ਸਫ਼ਰ ਬਾਰੇ ਲਿਖੇ ਤਰਲੋਚਨ ਸਮਰਾਲਾ ਦੇ ਪਰਚੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਮਾਸਟਰ ਮਲਕੀਤ ਸਿੰਘ ਅਲਕੜਾ ਅਤੇ ਪੀਐੱਸ ਪਰਵਾਨਾ ਨੇ ਆਪਣੀਆਂ ਗਜਲਾਂ ਸੁਣਾ ਕੇ ਰੰਗ ਬੰਨਿਆ। ਪ੍ਰੋਗਰਾਮ ਦੇ ਅਖ਼ੀਰ ਵਿੱਚ ਦੇਵਿੰਦਰ ਸਤਿਆਰਥੀ ਸਾਹਿਤ ਸਭਾ ਭਦੌੜ ਅਤੇ ਪੰਜਾਬੀ ਸਾਹਿਤ ਸਭਾ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ।