ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਲਗਾਇਆ ਧਰਨਾ 290ਵੇਂ ਦਿਨ ਵੀ ਪੂਰੇ ਜੋਸ਼ 'ਤੇ ਉਤਸ਼ਾਹ ਨਾਲ ਚੱਲ ਰਿਹਾ ਹੈ। ਇਸਸ ਦੌਰਾਨ ਕਿਸਾਨ ਆਗੂਆਂ ਵਲੋਂ ਪਾਰਲੀਮੈਂਟ ਦੇ ਸ਼ੈਸਨ ਦੌਰਾਨ ਦਿੱਲੀ ਬਾਰਡਰਾਂ 'ਤੇ ਅੰਦੋਲਨਕਾਰੀਆਂ ਦੀ ਗਿਣਤੀ ਵਧਾਉਣ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਕਿ ਪਿੰਡਾਂ ਵਿੱਚ ਠੋਸ ਅਤੇ ਵਿਸਥਾਰਪੂਰਵਕ ਤਿਆਰੀ ਕਰਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਸ਼ੈਸਨ ਦੌਰਾਨ ਰੋਜ਼ਾਨਾ ਵੱਡੇ ਕਾਫਲੇ ਦਿੱਲੀ ਬਾਰਡਰਾਂ ਵੱਲ ਕੂਚ ਕਰਨਗੇ। ਇਸ ਪ੍ਰੋਗਰਾਮ ਲਈ ਪਿੰਡਾਂ ਦੀਆਂ ਮਹਿਲਾਵਾਂ ਵਿੱਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਉਤਸ਼ਾਹ ਨੂੰ ਦੇਖਦੇ ਹੋਏ ਦਿੱਲੀ ਬਾਰਡਰਾਂ 'ਤੇ ਉਨ੍ਹਾਂ ਦੇ ਠਹਿਰਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ:Kisan Mahapanchayat: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤਾ ਵੱਡਾ ਐਲਾਨ
ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਬੀਜੇਪੀ 'ਤੇ ਕਿਸਾਨ ਅੰਦੋਲਨ ਦਾ ਦਬਾਅ ਵੱਧਣ ਲੱਗਿਆ ਹੈ।ਜਿਸ ਦੇ ਚੱਲਦਿਆਂ ਰੋਜ਼ਾਨਾ ਇਸ ਪਾਰਟੀ ਦੇ ਲੀਡਰ ਆਪਣੀ ਲੀਡਰਸ਼ਿਪ ਵਿਰੁੱਧ ਬਗਾਵਤ ਕਰ ਰਹੇ ਹਨ। ਅਨਿਲ ਜੋਸ਼ੀ ਨੇ ਕਿਸਾਨਾਂ ਦੀ ਗੱਲ ਸੁਣਨ ਬਾਰੇ ਬੋਲਿਆ ਤਾਂ ਉਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
ਕਿਸਾਨਾਂ ਦਾ ਕਹਿਣਾ ਕਿ ਇਸ ਤੋਂ ਬਾਅਦ ਕਈ ਹੋਰ ਬੀਜੇਪੀ ਆਗੂ ਕਿਸਾਨਾਂ ਦੀ ਗੱਲ ਸੁਣਨ ਬਾਰੇ ਆਪਣੀ ਆਵਾਜ਼ ਉਠਾਉਣ ਲੱਗੇ ਹਨ। ਇਹ ਕਿਸਾਨ ਅੰਦੋਲਨ ਦੀ ਇਖਲਾਕੀ ਜਿੱਤ ਹੈ ਅਤੇ ਜਲਦੀ ਹੀ ਇਹ ਅੰਦੋਲਨ ਹਕੀਕੀ ਜਿੱਤ ਵੀ ਹਾਸਲ ਕਰ ਲਵੇਗਾ।
ਇਹ ਵੀ ਪੜ੍ਹੋ:ਕੀ ਕੈਪਟਨ ਅਮਰਿੰਦਰ ਸਿੰਘ 2022 ’ਚ ਬਣਵਾ ਦੇਣਗੇ ਅਕਾਲੀ ਦਲ ਦੀ ਸਰਕਾਰ ?