ਬਰਨਾਲਾ: ਪੰਜਾਬ ਦੇ ਨੌਜਵਾਨ ਆਪਣੀ ਅਣਖ-ਸੂਰਬੀਰਤਾ ਲਈ ਜਾਣੇ ਜਾਂਦੇ ਹਨ। ਜਿਸ ਕਰਕੇ ਵਧੇਰੇ ਗਿਣਤੀ ਵਿੱਚ ਸਿੱਖ ਨੌਜਵਾਨ ਦੇਸ਼ ਦੇ ਬਾਰਡਰਾਂ ਉੱਤੇ ਸ਼ਹੀਦੀ ਦੇ ਜਾਮ ਪੀਂਦੇ ਹਨ। ਅਜਿਹਾ ਹੀ ਬਰਨਾਲਾ ਜਿਲ੍ਹੇ ਦੇ ਪਿੰਡ ਵਜੀਦਕੇ ਕਲਾਂ ਦਾ ਫੌਜੀ ਜਵਾਨ ਲਾਂਸ ਨਾਇਕ ਜਸਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਜੰਮੂ-ਕਸ਼ਮੀਰ ਵਿੱਚ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ। ਮ੍ਰਿਤਕ ਨੌਜਵਾਨ ਜਸਵੀਰ ਸਿੰਘ 2016 ਵਿੱਚ ਜੰਮੂ-ਕਸ਼ਮੀਰ ਰਾਈਫਲਜ਼ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਖੇਤਰ ਵਿੱਚ ਡਿਊਟੀ ‘ਤੇ ਤਾਇਨਾਤ ਸੀ।
ਭਾਰਤੀ ਫ਼ੌਜ ਨੇ ਪਰਿਵਾਰ ਨੂੰ ਦਿੱਤੀ ਜਾਣਕਾਰੀ:- ਬੀਤੀ ਰਾਤ ਪਰਿਵਾਰ ਨੂੰ ਫੋਨ ਆਇਆ ਸੀ ਕਿ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਉਹਨਾਂ ਦਾ ਪੁੱਤਰ ਸ਼ਹੀਦ ਹੋ ਗਿਆ ਹੈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ,ਉਸਦਾ ਅੰਤਿਮ ਸਸਕਾਰ ਮ੍ਰਿਤਕ ਦੇਹ ਪਿੰਡ ਆਉਣ ‘ਤੇ ਕੀਤਾ ਜਾਵੇਗਾ। ਗੋਲੀ ਲੱਗਣ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਏ ਹਨ। ਸ਼ਹੀਦ ਜਸਵੀਰ ਸਿੰਘ ਹਫ਼ਤਾ ਪਹਿਲਾਂ ਹੀ ਛੁੱਟੀ ਕੱਟ ਕੇ ਪਿੰਡ ਤੋਂ ਗਿਆ ਸੀ। ਉਹ ਛੋਟੀ ਕਿਸਾਨੀ ਨਾਲ ਸਬੰਧ ਰੱਖਦੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਪਿੰਡ ਵਜੀਦਕੇ ਕਲਾਂ ਵਿੱਚ ਸੋਗ ਦੀ ਲਹਿਰ ਹੈ।
- Martyr Arvind Kumar: ਰਾਜੌਰੀ 'ਚ ਸ਼ਹੀਦ ਅਰਵਿੰਦ ਕੁਮਾਰ ਦੀ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ, ਹਰ ਅੱਖ ਹੋਈ ਨਮ
- ਮਨੀਪੁਰ-ਇੰਫਾਲ ਸਰਹੱਦ 'ਤੇ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ, ਸ਼ਰਧਾਂਜਲੀ ਦੇਣ ਨਹੀਂ ਪਹੁੰਚਿਆ ਕੋਈ ਸਿਆਸੀ ਆਗੂ
- ਸ਼ਹੀਦ ਦੇ ਪਰਿਵਾਰ ਨੂੰ ਸੀਐੱਮ ਮਾਨ ਨੇ ਸੌਂਪਿਆ ਇੱਕ ਕਰੋੜ ਰੁਪਏ ਦਾ ਚੈੱਕ, ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਾ ਦਵਾਇਆ ਭਰੋਸਾ
ਦੇਸ਼ ਲਈ ਸ਼ਹਾਦਤ ਹੋਣੀ ਮਾਣ ਵਾਲੀ ਗੱਲ:- ਇਸ ਮੌਕੇ ਪਿੰਡ ਦੇ ਸ਼ਹੀਦ ਫ਼ੌਜੀ ਜਸਵੀਰ ਸਿੰਘ ਦੇ ਚਾਚਾ ਨੇ ਦੱਸਿਆ ਕਿ ਭਾਵੇਂ ਦੇਸ਼ ਦੇ ਲਈ ਸ਼ਹਾਦਤ ਹੋਣੀ ਇੱਕ ਮਾਣ ਵਾਲੀ ਗੱਲ ਹੈ, ਪਰ ਜਸਵੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਪਰਿਵਾਰ ਲਈ ਦੁੱਖਦਾਈ ਖ਼ਬਰ ਹੈ। ਉਹਨਾਂ ਕਿਹਾ ਕਿ ਛੇ ਸਾਲ ਪਹਿਲਾਂ ਜਸਵੀਰ ਫ਼ੌਜ ਵਿੱਚ ਭਰਤੀ ਹੋਇਆ ਸੀ। ਪਰਿਵਾਰ ਵਿੱਚੋਂ ਜਸਵੀਰ ਪਹਿਲਾ ਨੌਜਵਾਨ ਹੈ, ਜੋ ਫ਼ੌਜ ਵਿੱਚ ਭਰਤੀ ਹੋਇਆ ਸੀ।
ਸ਼ਹੀਦ ਫ਼ੌਜੀ 6 ਸਾਲ ਪਹਿਲਾਂ ਫ਼ੌਜ ਵਿੱਚ ਹੋਇਆ ਸੀ ਭਰਤੀ:- ਇਸ ਮੌਕੇ ਜਸਵੀਰ ਸਿੰਘ ਦੀ ਮਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਡੇਢ ਵਜੇ ਫ਼ੌਜ ਦੇ ਅਫ਼ਸਰਾਂ ਤੋਂ ਫ਼ੋਨ ਆਇਆ ਸੀ। ਉਹਨਾਂ ਵਲੋਂ ਜਸਵੀਰ ਦੇ ਪਿਤਾ ਨੂੰ ਦੱਸਿਆ ਗਿਆ ਕਿ ਜਸਵੀਰ ਸ਼ਹੀਦ ਹੋ ਗਿਆ ਹੈ। ਜਿਸਤੋਂ ਬਾਅਦ ਸਾਰੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਜਸਵੀਰ 6 ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ। ਕਰੀਬ ਇੱਕ ਦਿਨ ਪਹਿਲਾਂ ਹੀ ਜਸਵੀਰ ਨਾਲ ਫ਼ੋਨ ਤੇ ਗੱਲਬਾਤ ਹੋਈ ਸੀ। ਉਹਨਾਂ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਹੀ ਡੇਢ ਮਹੀਨੇ ਦੀ ਛੁੱਟੀ ਕੱਟ ਕੇ ਜਸਵੀਰ ਪਿੰਡ ਤੋਂ ਗਿਆ ਸੀ।