ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਦੌਰਾਨ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਪਾਰਟੀ ਨੇਤਾਵਾਂ ਨੇ ਮੋਰਚਾ ਖੋਲ ਦਿੱਤਾ ਹੈ। ਬਰਨਾਲਾ ਜ਼ਿਲ੍ਹੇ ਦੇ ਐਸਜੀਪੀਸੀ ਮੈਂਬਰ ਤੇ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਖਿਲਾਫ ਮੋਰਚਾ ਖੋਲ ਦਿੱਤਾ ਹੈ।
ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਜਦੋਂ ਤੋਂ ਸੁਖਬੀਰ ਬਾਦਲ ਨੇ ਕਮਾਂਡ ਸੰਭਾਲੀ ਹੈ, ਉਦੋਂ ਤੋਂ ਅਕਾਲੀ ਦਲ ਖਤਮ ਹੁੰਦਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹਾਰ ਲਈ ਸਿੱਧੇ ਤੌਰ ਅਤੇ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹੈ ਅਤੇ ਇਸਦੀ ਜ਼ਿਮੇਵਾਰੀ ਲੈਂਦਿਆਂ ਸੁਖਬੀਰ ਬਾਦਲ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋਹ ਵਿਚ ਫਸ ਕੇ ਪਾਰਟੀ ਦੀ ਵਾਂਗਡੋਰ ਸੁਖਬੀਰ ਬਾਦਲ ਨੂੰ ਸੰਭਾ ਦਿੱਤੀ। ਜਿਸਤੋਂ ਬਾਅਦ ਅਕਾਲੀ ਦਲ ਦਿਨੋਂ ਦਿਨ ਨਿਘਾਰ ਵੱਲ ਜਾਂਦਾ ਰਿਹਾ। ਜਿਸਨੇ ਵੀ ਬਾਦਲ ਪਰਿਵਾਰ ਦੀ ਪ੍ਰਧਾਨਗੀ ਤੇ ਸਵਾਲ ਖੜੇ ਕੀਤੇ, ਉਸਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਜਥੇਦਾਰ ਟੌਹੜਾ, ਸੁਖਦੇਵ ਢੀਂਡਸਾ ਅਤੇ ਰਣਜੀਤ ਬ੍ਰਹਮਪੁਰਾ ਇਸਦੀ ਉਦਹਾਰਣ ਹੈ।
ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਬਿਆਨ ਕਿ 'ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ' ਪੂਰਾ ਹੋਇਆ ਅਤੇ ਬਾਦਲ ਪਰਿਵਾਰ ਦਾ ਖਾਤਮਾ ਹੋਇਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਾਦਲ ਪਰਿਵਾਰ ਖਤਮ ਹੋਇਆ ਹੈ ਨਾ ਕਿ ਅਕਾਲੀ ਦਲ ਖਤਮ ਹੋਇਆ ਹੈ। ਜਦਕਿ ਅਕਾਲੀ ਦਲ ਅੱਜ ਵੀ ਚੜਦੀ ਕਲਾ ਵਿੱਚ ਹੈ। ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਅਤੇ ਸੁਖਬੀਰ ਸਿੰਘ ਬਾਦਲ ਨੂੰ ਕੋਰ ਕਮੇਟੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ।
ਜਥੇਦਾਰ ਚੂੰਘਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਸਿਪਾਹੀ ਹਨ ਅਤੇ ਹਰ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਅੱਗੇ ਵੀ ਪਾਰਟੀ ਦੀ ਚੜਦੀ ਕਲਾ ਲਈ ਆਪਣੀ ਆਵਾਜ਼ ਉਠਾਉਂਦੇ ਰਹਿਣਗੇ।
ਇਹ ਵੀ ਪੜੋ: ਸਿਰਸਾ ਤੋਂ ਬਾਅਦ ਭਾਰਤ ਸਰਕਾਰ ਨੇ ਕਿਰਪਾਨ ਨੂੰ ਲੈ ਕੇ ਕੀਤਾ ਇਹ ਟਵੀਟ ...