ਬਰਨਾਲਾ: ਸੂਬੇ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਜਿਸਨੂੰ ਲੈ ਕੇ ਸਰਕਾਰ, ਸਿਹਤ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਕੋਰੋਨਾ ਮਹਾਂਮਾਰੀ ਤੋਂ ਬਚੇ ਰਹਿਣ। ਜ਼ਿਲ੍ਹਾ ਬਰਨਾਲਾ ’ਚ ਕੋਰੋਨਾ ਕੇਸ ਵਧਣ ਕਾਰਨ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰੰਘ ਫੂਲਕਾ ਵੱਲੋਂ ਸਿਹਤ ਵਿਭਾਗ ਸਣੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਕੇਸ ਵਧਣ ਤੋਂ ਰੋਕਣ ਲਈ ਟੈਸਟਿੰਗ ਦੀ ਪ੍ਰਕ੍ਰਿਆ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜੋ: ਪੰਜਾਬ ਪੁਲਿਸ ਮਹਿਕਮੇ 'ਚ ਨੌਕਰੀਆਂ ਦਾ ਪਿਟਾਰਾ, ਮਹਿਲਾਵਾਂ ਲਈ ਵੀ ਰਾਖਵਾਂਕਰਨ
ਡੀਸੀ ਫੂਲਕਾ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ 18 ਸਰਕਾਰੀ ਸਿਹਤ ਸੰਸਥਾਵਾਂ ਤੋਂ ਇਲਾਵਾ 11 ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨੇਸ਼ਨ ਲਈ ਸੂਚੀਬੱਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਏਅਰ ਫੋਰਸ ਸਟੇਸ਼ਨ ਵੱਲੋਂ ਵੀ ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆ ਹੈ। ਇਸ ਤਰ੍ਹਾਂ ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 30 ਵੈਕਸੀਨੇਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ ਤਾਂ ਜੋ ਫਰੰਟ ਲਾਈਨ ਵਰਕਰਾਂ, ਸੀਨੀਅਰ ਸਿਟੀਜ਼ਨਾਂ ਅਤੇ 45 ਸਾਲ ਤੋਂ ਉਪਰ ਦੇ ਸਹਿ ਰੋਗਾਂ ਵਾਲੇ ਵਿਅਕਤੀਆਂ ਦੇ ਵੈਕਸੀਨ ਲਾਈ ਜਾ ਸਕੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਰੋਨਾ ਵਿਰੁੱਧ ਟੈਸਟਿੰਗ ਅਤੇ ਕੰਟੈਕਟ ਟਰੇਸਿੰਗ ਸਮਰੱਥਾ ਵਧਾਈ ਜਾਵੇ ਤਾਂ ਜੋ ਕੋਰੋਨਾ ਵਾਇਰਸ ਨੂੰ ਮੁੜ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਸਿਹਤ ਕਰਮੀਆਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਅਤੇ ਅਜੇ ਵੀ ਇਹ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ 26 ਸਿਹਤ ਕਰਮੀਆਂ ਨੂੰ ਪਹਿਲੀ ਖੁਰਾਕ, 18 ਸਿਹਤ ਕਰਮੀਆਂ ਨੂੰ ਦੂਜੀ ਖੁਰਾਕ, 323 ਫਰੰਟ ਲਾਈਨ ਵਰਕਰਾਂ ਨੂੰ ਪਹਿਲੀ ਖੁਰਾਕ, 8 ਨੂੰ ਦੂਜੀ ਖੁਰਾਕ, 45 ਤੋਂ 60 ਸਾਲ ਦੇ 44 ਵਿਅਕਤੀਆਂ ਨੂੰ ਪਹਿਲੀ ਖੁਰਾਕ ਤੇ 60 ਸਾਲ ਤੋਂ ਉਪਰ ਦੇ 156 ਵਿਅਕਤੀਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਲਾਈ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਕੁੱਲ 575 ਖੁਰਾਕਾਂ ਵੈਕਸੀਨ 19 ਮਾਰਚ ਨੂੰ ਲਾਈ ਗਈ ਹੈ। ਕਾਬਿਲੇਗੌਰ ਹੈ ਕਿ 19 ਮਾਰਚ ਨੂੰ ਜ਼ਿਲ੍ਹੇ ਵਿੱਚ 15 ਨਵੇਂ ਕੋਰੋਨਾ ਕੇਸ ਆਏ ਹਨ।