ਬਰਨਾਲਾ: ਕੋਰੋਨਾ ਵਾਇਰਸ ਦੇ ਦੌਰ ਵਿੱਚ ਜਿੱਥੇ ਸਰਕਾਰ ਅਤੇ ਪ੍ਰਸ਼ਾਸ਼ਨ ਆਪਣੇ ਪੱਧਰ ’ਤੇ ਬਚਾਅ ਕਾਰਜਾਂ ਲਈ ਯਤਨ ਕਰ ਰਿਹਾ ਹੈ। ਉਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਇਸ ਲਈ ਯੋਗਦਾਨ ਪਾ ਰਹੀਆਂ ਹਨ ਜਿਸ ਤਹਿਤ ਬਰਨਾਲਾ ਦੇ ਗਾਂਧੀ ਆਰਿਆ ਸਕੂਲ ਵਿੱਚ ਚੱਲ ਰਹੇ ਸਿਲਾਈ ਕੇਂਦਰ ਦੀਆਂ ਲੜਕੀਆਂ ਅਤੇ ਅਧਿਆਪਕਾਵਾਂ ਵਲੋਂ ਟਰਾਈਡੈਂਟ ਗਰੁੱਪ ਦੀ ਮਦਦ ਨਾਲ ਮਾਸਕ ਬਣਾਏ ਜਾ ਰਹੇ ਹਨ।
ਇਸ ਸੈਂਟਰ ਵਲੋਂ ਰੋਜ਼ਾਨਾ 400 ਮਾਸਕ ਤਿਆਰ ਕੀਤੇ ਜਾ ਰਹੇ ਹਨ। ਮਾਸਕ ਬਨਾਉਣ ਲਈ ਕੱਚਾ ਮਾਲ ਟਰਾਈਡੈਂਟ ਗਰੁੱਪ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮਾਸਕ ਬਨਾਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਨਾਲ-ਨਾਲ ਲੋੜਵੰਦਾਂ ਨੂੰ ਵੰਡੇ ਜਾ ਰਹੇ ਹਨ। ਮਾਸਕ ਬਨਾਉਣ ਲਈ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨਿਰਸਵਾਰਥ ਕੰਮ ਕਰ ਰਹੀਆਂ ਹਨ।
ਬਰਨਾਲਾ ਦੇ ਗਾਂਧੀ ਆਰੀਆ ਸਕੂਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਿਲਾਈ ਸੈਂਟਰ ਚੱਲ ਰਿਹਾ ਸੀ। ਕੋਰੋਨਾ ਵਾਇਰਸ ਦੇ ਦੌਰ ਵਿੱਚ ਸਕੂਲ ਪ੍ਰਬੰਧਕਾਂ ਅਤੇ ਸਿਲਾਈ ਕੇਂਦਰ ਵਲੋਂ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਸਿਲਾਈ ਕੇਂਦਰ ਤੋਂ ਸਿਖਲਾਈ ਲੈਣ ਵਾਲੀਆਂ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਕੂਲ ਅਧਿਆਪਕਾਂ ਮਾਸਕ ਬਣਾ ਰਹੀਆਂ ਹਨ।
ਇਸ ਕਾਰਜ ਲਈ ਟਰਾਈਡੈਂਟ ਗਰੁੱਪ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਟਰਾਈਡੈਂਟ ਗਰੁੱਪ ਮਾਸਕ ਬਨਾਉਣ ਲਈ ਲਗਾਤਾਰ ਕੱਪੜਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਮਾਸਕ ਬਣਾ ਕੇ ਜ਼ਿਲ੍ਹਾ ਪ੍ਰਸ਼ਾਸ਼ਨ, ਮੰਡੀਆਂ ਦੇ ਮਜ਼ਦੂਰਾਂ, ਲੋੜਵੰਦ ਲੋਕਾਂ ਨੂੰ ਵੰਡੇ ਜਾ ਰਹੇ ਹਨ ਤਾਂ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਇਸ ਸਬੰਧੀ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਦੁਨੀਆਂ ਪੱਧਰ ’ਤੇ ਫ਼ੈਲੀ ਹੋਈ ਹੈ ਜਿਸ ਕਰਕੇ ਪੂਰਾ ਸਮਾਜ ਪ੍ਰਭਾਵਿਤ ਹੋਇਆ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਲੋਂ ਵੀ ਲੋਕਾਂ ਨੂੰ ਇਸ ਤੋਂ ਬਚਾਉਣ ਲਈ ਯਤਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਗਾਂਧੀ ਆਰੀਆ ਸਕੂਲ ਵਲੋਂ ਮਾਸਕ ਬਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਟਰਾਈਡੈਂਟ ਦੇ ਸੀਐਸਆਰ ਦੀ ਕਰਮਚਾਰੀ ਸਵਿਤਾ ਕਲਵਾਨੀਆ ਨੇ ਕਿਹਾ ਕਿ ਲੌਕਡਾਊਨ ਤੋਂ ਲੈ ਕੇ ਟਰਾਈਡੈਂਟ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਾਥ ਦੇ ਰਿਹਾ ਹੈ। ਗਾਂਧੀ ਆਰੀਆ ਸਕੂਲ ਵਲੋਂ ਵੀ ਮਾਸਕ ਬਨਾਉਣ ਲਈ ਪਹਿਲਕਦਮੀ ਕੀਤੀ ਗਈ ਜਿਸ ਦੇ ਤਹਿਤ ਟਰਾਈਡੈਂਟ ਗਰੁੱਪ ਵਲੋਂ ਇਨ੍ਹਾਂ ਨੂੰ ਕੱਪੜਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਮਾਸਕ ਮੁੜ ਵਰਤੋਂ ਯੋਗ ਹਨ ਅਤੇ ਇਹਨਾਂ ਨੂੰ ਧੋਣ ਤੋਂ ਬਾਅਦ ਮੁੜ ਵਰਤਿਆ ਜਾ ਸਕੇਗਾ।