ਬਰਨਾਲਾ: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਇਸ ਵਾਰ ਅਗੇਤੇ ਤੌਰ 'ਤੇ ਸ਼ੁਰੂ ਹੋ ਗਿਆ ਹੈ। ਮੰਡੀਆਂ ਵਿੱਚ ਵੱਡੇ ਪੱਧਰ 'ਤੇ ਕਿਸਾਨਾਂ ਵੱਲੋਂ ਆਪਣੀ ਫਸਲ ਕੱਟ ਕੇ ਲਿਆਂਦੀ ਜਾ ਰਹੀ ਹੈ। ਪਰ ਇਸ ਵਾਰ ਗਰਮੀ ਵੱਧ ਪੈਣ ਕਾਰਨ ਕਣਕ ਦੀ ਫਸਲ 'ਤੇ ਵੀ ਬਹੁਤ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਕਿਸਾਨ ਇਸ ਵਾਰ ਚਿੰਤਾ ਵਿੱਚ ਹਨ।
ਦੱਸ ਦਈਏ ਕਿ ਇਸ ਵਾਰ ਕਿਸਾਨਾਂ ਦੀ ਫਸਲ 10 ਤੋਂ 15 ਮਣ ਕਣਕ ਦਾ ਝਾੜ ਪ੍ਰਤੀ ਏਕੜ ਘੱਟਣ ਦੀ ਗੱਲ ਕਿਸਾਨ ਕਰ ਰਹੇ ਹਨ, ਜਿਸ ਕਰਕੇ ਕਿਸਾਨਾਂ ਨੂੰ ਦੱਸ ਤੋਂ ਲੈ ਕੇ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਕਿੱਲਾ ਨੁਕਸਾਨ ਹੋਇਆ ਹੈ। ਬਰਨਾਲਾ ਦੀ ਦਾਣਾ ਮੰਡੀ ਵਿੱਚ ਕਿਸਾਨ ਕਣਕ ਦੀ ਫਸਲ ਲਈ ਬੈਠੇ ਹਨ।
ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਬਿਜਾਈ ਸਮੇਂ ਜ਼ਿਆਦਾ ਬਰਸਾਤ ਹੋ ਗਈ ਅਤੇ ਹੁਣ ਗਰਮੀ ਜ਼ਿਆਦਾ ਪੈਣ ਕਾਰਨ ਕਣਕ ਦੀ ਫਸਲ ਦੇ ਝਾੜ ਦਾ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਾਰ ਕਿਸਾਨਾਂ ਦੀ ਕਣਕ ਦੀ ਫਸਲ 50 ਤੋਂ 60 ਮਣ ਪ੍ਰਤੀ ਏਕੜ ਝਾੜ ਨਿਕਲਿਆ ਸੀ, ਪਰ ਇਸ ਵਾਰ ਇਹ ਝਾੜ ਘੱਟ ਕੇ 30 ਤੋਂ 45 ਮਣ ਤੱਕ ਹੀ ਸੀਮਤ ਰਹਿ ਗਿਆ ਹੈ। ਜਿਸ ਕਰਕੇ ਕਿਸਾਨਾਂ ਨੂੰ ਪ੍ਰਤੀ ਏਕੜ ਦੱਸ ਤੋਂ ਲੈ ਕੇ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਤੋਂ ਵੀ ਵੱਧ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਇਸ ਨੁਕਸਾਨ ਦੀ ਭਰਪਾਈ ਕਰੇ ਅਤੇ ਬੋਨਸ ਦੇ ਰੂਪ ਵਿੱਚ ਕੁਝ ਨਾ ਕੁਝ ਮਦਦ ਜ਼ਰੂਰ ਕਰਨੀ ਚਾਹੀਦੀ ਹੈ।
ਇਹ ਵੀ ਪੜੋ: FCI ਅਧਿਕਾਰੀ ’ਤੇ ਪੋਤੀ ਕਾਲਖ, ਵੀਡੀਓ ਆਈ ਸਾਹਮਣੇ