ਬਰਨਾਲਾ: 32 ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ (Three agricultural laws) ਨੂੰ ਰੱਦ ਕਰਵਾਉਣ ਅਤੇ ਐਮਐਸਪੀ (MSP) ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 379 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਕਿਸਾਨ ਆਗੂਆਂ ਨੇੇ ਕੇਂਦਰ ਸਰਕਾਰ (Central Government) ਵੱਲੋਂ ਪੰਜਾਬ ਵਿੱਚ ਬੀਐਸਐਫ (BSF) ਦੇ ਅਧਿਕਾਰ ਖੇਤਰ ਨੂੰ ਕੌਮਾਂਤਰੀ ਹੱਦ ਤੋਂ 15 ਕਿੱਲੋ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੀ ਸਖ਼ਤ ਨਿਖੇਧੀ ਕੀਤੀ।
![BSF ਨੂੰ ਦਿੱਤੇ ਵੱਧ ਅਧਿਕਾਰਾਂ ਦੀ ਕਿਸਾਨਾਂ ਨੇ ਕੀਤੀ ਨਿਖੇਧੀ](https://etvbharatimages.akamaized.net/etvbharat/prod-images/pb-bnl-farmerdusheraupdate-pb10017_14102021143310_1410f_1634202190_427.jpg)
ਆਗੂਆਂ ਨੇ ਕਿਹਾ ਕਿ ਇਸ ਕਾਰਨ ਅੱਧਾ ਪੰਜਾਬ ਅਸਿੱਧੇ ਤੌਰ 'ਤੇ ਕੇਂਦਰ ਸਰਕਾਰ ਦੇ ਅਧੀਨ ਆ ਜਾਵੇਗਾ। ਇਸ ਨਵੇਂ ਫਰਮਾਨ ਤਹਿਤ ਕੇਂਦਰ ਸਰਕਾਰ (Central Government) ਦੀ ਕਮਾਨ ਹੇਠ ਚਲਦੇ ਇਸ ਸੁਰੱਖਿਆ ਬਲ ਨੂੰ ਵੱਧ ਅਧਿਕਾਰ ਦਿੱਤੇ ਗਏ ਹਨ। ਹੁਣ ਇਹ ਬਲ ਫੌਜਦਾਰੀ ਜਾਬਤਾ ਕੋਡ ਤੇ ਪਾਸਪੋਰਟ ਕਾਨੂੰਨ ਅਧੀਨ ਵੀ ਕਾਰਵਾਈ ਕਰ ਸਕੇਗਾ। ਆਪਣੇ ਅਧਿਕਾਰ ਖੇਤਰ 'ਚ ਕਿਸੇ ਦੀ ਵੀ ਤਲਾਸ਼ੀ, ਗ੍ਰਿਫਤਾਰੀ ਤੇ ਹਿਰਾਸਤ ਵਿੱਚ ਰੱਖਣ ਆਦਿ ਕਾਨੂੰਨੀ ਕਾਰਵਾਈਆਂ ਕਰ ਸਕੇਗਾ।
ਹਕੀਕੀ ਤੌਰ 'ਤੇ ਇਹ ਸੂਬੇ ਨੂੰ ਅਸਿੱਧੇ ਤੌਰ 'ਤੇ ਕੇਂਦਰ-ਸ਼ਾਸ਼ਿਤ ਪ੍ਰਦੇਸ਼ ( ਯੂ.ਟੀ) ਬਣਾਉਣ ਦੇ ਤੁਲ ਹੈ। ਖੇਤੀ ਕਾਨੂੰਨਾਂ ਤੋਂ ਬਾਅਦ, ਹਾਲੀਆ ਸਾਲਾਂ 'ਚ ਇਹ ਰਾਜਾਂ ਦੇ ਅਧਿਕਾਰਾਂ 'ਤੇ ਇਹ ਅਗਲਾ ਵੱਡਾ ਹਮਲਾ ਹੈ। ਅਸੀਂ ਇਸ ਕਦਮ ਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਇਸ ਫਰਮਾਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ।
![BSF ਨੂੰ ਦਿੱਤੇ ਵੱਧ ਅਧਿਕਾਰਾਂ ਦੀ ਕਿਸਾਨਾਂ ਨੇ ਕੀਤੀ ਨਿਖੇਧੀ](https://etvbharatimages.akamaized.net/etvbharat/prod-images/pb-bnl-farmerdusheraupdate-pb10017_14102021143310_1410f_1634202190_1079.jpg)
ਆਗੂਆਂ ਨੇ ਸੂਚਨਾ ਦਿੱਤੀ ਕਿ ਦੁਸਹਿਰੇ ਵਾਲੇ ਦਿਨ ਬੀਜੇਪੀ ਆਗੂਆਂ ਦੇ ਪੁਤਲੇ ਸਾੜਨ ਦਾ ਪਹਿਲਾਂ ਤੋਂ ਤਹਿਸ਼ੁਦਾ ਪ੍ਰੋਗਰਾਮ ਹੁਣ 16 ਤਰੀਕ ਨੂੰ ਅੰਜਾਮ ਦਿੱਤਾ ਜਾਵੇਗਾ। ਇਹ ਬਦਲਾਅ ਇੱਕ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਹਿੱਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਧਰਮਾਂ ਤੇ ਫਿਰਕਿਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਮੋਰਚੇ ਦੇ ਫੈਸਲਿਆਂ ਨੂੰ ਧਾਰਮਿਕ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ।
ਇਸ ਦੌਰਾਨ ਆਗੂਆਂ ਨੇ ਪੰਜਾਬ ਵਿੱਚ ਡੀਏਪੀ ਖਾਦ ਦੀ ਕਿੱਲਤ ਦਾ ਮਸਲਾ ਵੀ ਛੋਹਿਆ। ਆਗੂਆਂ ਨੇ ਕਿਹਾ ਕਿ ਹਾੜੀ ਦੀ ਬਿਜਾਈ ਸਿਰ 'ਤੇ ਹੈ ਪਰ ਡੀਏਪੀ ਖਾਦ ਕਿੱਧਰੋਂ ਨਹੀਂ ਮਿਲ ਰਹੀ। ਸਰਕਾਰ ਇਹ ਕਿੱਲਤ ਦੂਰ ਕਰਨ ਲਈ ਤੁਰੰਤ ਕਦਮ ਉਠਾਏ। ਧਰਨੇ ਨੂੰ ਮੇਲਾ ਸਿੰਘ ਕੱਟੂ, ਹਰਚਰਨ ਸਿੰਘ ਚੰਨਾ, ਬੂਟਾ ਸਿੰਘ ਫਰਵਾਹੀ, ਉਜਾਗਰ ਸਿੰਘ ਬੀਹਲਾ,ਬਿੱਕਰ ਸਿੰਘ ਔਲਖ, ਗੁਰਮੇਲ ਸ਼ਰਮਾ, ਬਾਬੂ ਸਿੰਘ ਖੁੱਡੀ ਕਲਾਂ,ਕਾਕਾ ਸਿੰਘ ਫਰਵਾਹੀ,ਗੋਰਾ ਸਿੰਘ ਢਿੱਲਵਾਂ, ਮਨਜੀਤ ਰਾਜ ਨੇ ਸੰਬੋਧਨ ਕੀਤਾ।
ਆਗੂਆਂ ਨੇ ਪਿਛਲੇ ਦਿਨੀਂ 'ਆਲ ਇੰਡੀਆ ਸਟੂਡੈਂਟਸ ਐਸ਼ੋਸੀਏਸ਼ਨ' ਦੀਆਂ ਵਿਦਿਆਰਥਣਾਂ ਉਪਰ ਦਿੱਲੀ ਪੁਲਿਸ ਵੱਲੋਂ ਕੀਤੇ ਵਹਿਸ਼ੀ ਜਬਰ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਦੱਸਿਆ ਕਿ ਇਸ ਜਥੇਬੰਦੀ ਦੀਆਂ ਕਾਰਕੁੰਨਾਂ ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਦੇ ਨਿਵਾਸ ਨੇੜੇ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਹਿਰਾਸਤ ਵਿੱਚ ਲੈਣ ਤੋਂ ਬਾਅਦ ਦਿੱਲੀ ਪੁਲਿਸ ਦੀਆਂ ਮਹਿਲਾ ਮੁਲਾਜ਼ਮਾਂ ਨੇ ਦੋ ਵਿਦਿਆਰਥਣਾਂ ਦੇ ਗੁਪਤ ਅੰਗਾਂ ਨੂੰ ਵਹਿਸ਼ੀ ਜਬਰ ਦਾ ਨਿਸ਼ਾਨਾ ਬਣਾਇਆ। ਉਨ੍ਹਾਂ ਨੂੰ ਸਖਤ ਰੂਪ ਵਿੱਚ ਜਖਮੀ ਹੀ ਨਹੀਂ ਕੀਤਾ, ਸਗੋਂ ਮਰਦ ਪੁਲਿਸ ਮੁਲਾਜ਼ਮਾਂ ਸਾਹਮਣੇ ਉਨ੍ਹਾਂ ਨੂੰ ਜਿਸਮਾਨੀ ਤੌਰ 'ਤੇ ਬੇਇੱਜਤ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਇਸ ਵਹਿਸ਼ੀ ਕਾਰੇ ਦੇ ਜਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ:ਕਿਸਾਨਾਂ ਨੇ ਸਾੜੀ ਪਰਾਲੀ, ਕਿਹਾ ਹੁਣ ਹੋਰ ਕੋਈ ਚਾਰਾ ਨਹੀਂ