ਬਰਨਾਲਾ: ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਦੇ ਕਿਸਾਨ ਵੱਲੋਂ ਸੰਘਰਸ਼ ਜਾਰੀ ਹੈ। 1 ਅਕਤੂਬਰ ਤੋਂ ਲਗਾਤਾਰ ਕਿਸਾਨਾਂ ਵੱਲੋਂ ਰੇਲਵੇ ਟਰੈਕ ਅਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅੱਗੇ ਪੱਕੇ ਮੋਰਚੇ ਲਗਾਏ ਗਏ ਹਨ। ਬਰਨਾਲਾ ਵਿੱਖੇ ਵੀਆਰਸੀ ਕੰਪਨੀ ਦੇ ਮਾਲ ਅਤੇ ਰਿਲਾਇੰਸ ਕੰਪਨੀ ਦੇ ਸ਼ਾਪਿੰਗ ਮਾਲ ਅੱਗੇ ਵੀ ਕਿਸਾਨਾਂ ਵੱਲੋਂ ਪੱਕੇ ਝੰਡੇ ਗੱਡ ਦਿੱਤੇ ਗਏ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਰਿਲਾਇੰਸ ਅਤੇ ਵੀਆਰਸੀ ਕੰਪਨੀ ਦੇ ਮਾਲ ਅੱਗੇ ਪੱਕੇ ਮੋਰਚੇ ਲਗਾਏ ਗਏ ਹਨ। ਕਿਉਂਕਿ ਇਹ ਕੰਪਨੀਆਂ ਦੇ ਮਾਲਕ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਅੱਖ ਰੱਖੀ ਬੈਠੇ ਹਨ। ਇਸੇ ਕਾਰਨ ਕਿਸਾਨਾਂ ਵੱਲੋਂ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਦਾ ਘਿਰਾਓ ਕੀਤਾ ਗਿਆ ਹੈ। ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਕਿਸਾਨਾਂ ਵੱਲੋਂ ਕਾਰੋਬਾਰ ਠੱਪ ਕੀਤੇ ਗਏ ਹਨ। ਇਨ੍ਹਾਂ ਦੇ ਸ਼ਾਪਿੰਗ ਮਾਲ, ਪੈਟਰੋਲ ਪੰਪ ਅਤੇ ਚਾਹੇ ਟੋਲ ਪਲਾਜ਼ੇ, ਸਾਰਿਆਂ ਦਾ ਕੰਮ ਬੰਦ ਕੀਤਾ ਗਿਆ ਹੈ।
ਕਿਸਾਨਾਂ ਨੇ ਕਿਹਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨਾਂ ਦੇ ਇਸ ਗੰਭੀਰ ਮੁੱਦੇ 'ਤੇ ਸਿਆਸਤ ਕਰ ਰਹੀਆਂ ਹਨ। ਕਿਸਾਨਾਂ ਦੇ ਮਸਲੇ ਨਾਲ ਇਨ੍ਹਾਂ ਨੂੰ ਕੁਝ ਸਾਰੋਕਾਰ ਨਹੀਂ ਹੈ। ਪਹਿਲਾਂ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਕਰੋੜਾਂ ਦੇ ਨਾਂਅ 'ਤੇ ਚੁੱਪ ਕਰਾ ਦਿੱਤਾ ਗਿਆ ਅਤੇ ਹੁਣ ਜਦੋਂ ਕਿਸਾਨ ਆਪਣੀਆਂ ਮੰਗਾਂ ਲਈ ਸੜਕਾਂ ਤੇ ਉੱਤਰੇ ਹਨ ਤਾਂ ਇਨ੍ਹਾਂ ਨੂੰ ਕਿਸਾਨਾਂ ਦੀ ਯਾਦ ਆਈ ਹੈ।
ਇਨ੍ਹਾਂ ਸਿਆਸੀ ਪਾਰਟੀਆਂ ਦੇ ਆਗੂ ਜੇਕਰ ਉਨ੍ਹਾਂ ਦੇ ਧਰਨਿਆਂ ਵਿੱਚ ਆਉਂਦੇ ਹਨ ਤਾਂ ਕਿਸੇ ਨੂੰ ਵੀ ਧਰਨੇ ਦਾ ਦੂਰ ਦੀ ਗੱਲ ਪਿੰਡਾਂ ਵਿੱਚ ਵੀ ਪੜ੍ਹ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੱਕੇ ਮੋਰਚੇ ਉਸ ਸਮੇਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਬਿੱਲਾਂ ਨੂੰ ਰੱਦ ਨਹੀਂ ਕਰਦੀ।