ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ ਅਸਰ ਹੁਣ ਸਿਨੇਮਾ ਘਰਾਂ ਉੱਤੇ ਵੀ ਦਿਖਾਈ ਦੇ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਿਨੇਮਾ ਘਰਾਂ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਦਿੱਤੇ ਜਾਣ ਦੇ ਬਾਵਜੂਦ ਬਰਨਾਲਾ ਵਿੱਚ ਸਿਨੇਮਾ ਹਾਲ ਨਹੀਂ ਖੁੱਲ੍ਹਣਗੇ। ਬਰਨਾਲਾ ਵਿੱਚ ਕਿਸਾਨਾਂ ਵੱਲੋਂ ਸਿਨੇਮਾ ਹਾਲ ਅੱਗੇ ਲਗਾਤਰ ਪੱਕਾ ਮੋਰਚਾ ਲਗਾਇਆ ਹੋਇਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀ ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਲਗਾਤਾਰ ਇੱਕ ਮਹੀਨੇ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਲਾਈ ਬੈਠੇ ਹਨ। ਇਸ ਇੱਕ ਮਹੀਨੇ ਦੌਰਾਨ ਉਨ੍ਹਾਂ ਵੱਲੋਂ ਰਾਤਾਂ ਵੀ ਧਰਨਿਆਂ ਵਿੱਚ ਹੀ ਕੱਟੀਆਂ ਗਈਆਂ ਹਨ। ਸਰਕਾਰ ਵੱਲੋਂ ਭਾਵੇਂ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਉਹ ਇਨ੍ਹਾਂ ਕਾਰਪੋਰੇਟ ਕੰਪਨੀਆਂ ਦੇ ਅਦਾਰਿਆਂ ਨੂੰ ਉਦੋਂ ਤੱਕ ਖੁੱਲ੍ਹਣ ਨਹੀਂ ਦੇਣਗੇ, ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ।
ਦੇਸ਼ ਭਰ ਵਿੱਚ 5 ਨਵੰਬਰ ਨੂੰ ਕੀਤਾ ਜਾਵੇਗਾ ਚੱਕਾ ਜਾਮ
ਕਿਸਾਨਾਂ ਨੇ ਕਿਹਾ ਕਿ 5 ਨਵੰਬਰ ਨੂੰ ਪੂਰੇ ਦੇਸ਼ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਜਾ ਰਿਹਾ ਹੈ ਅਤੇ 26-27 ਨਵੰਬਰ ਨੂੰ ਦਿੱਲੀ ਜਾ ਕੇ ਜੰਤਰ-ਮੰਤਰ ਉੱਤੇ ਧਰਨਾ ਦਿੱਤਾ ਜਾਵੇਗਾ। ਇਨ੍ਹਾਂ ਦੋਵੇਂ ਪ੍ਰਦਰਸ਼ਨਾਂ ਵਿੱਚ ਕਿਸਾਨ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੇ।