ਬਰਨਾਲਾ : ਪੰਜਾਬ ਵਿੱਚ ਪਿਛਲੇ ਦਿਨੀਂ ਮੀਂਹ ਅਤੇ ਗੜੇਮਾਰੀ ਹੋਣ ਕਾਰਨ ਫਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਇਸ ਸਬੰਧੀ ਮੁਆਵਜ਼ੇ ਦੀ ਮੰਗ ਨੂੰ ਲੈਕੇ ਕਿਸਾਨ ਜਥੇਬੰਦੀਆਂ ਸਰਗਰਮ ਹੋ ਚੁੱਕੀਆਂ ਹਨ। ਜਿਸ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਸਿੱਧੂਪੁਰ ਵਲੋਂ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਵੱਡੇ ਨੁਕਸਾਨ ਸਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਜਾਣਕਾਰੀ ਮੁਤਾਬਿਕ ਕਿਸਾਨ ਆਗੂਆਂ ਨੇ ਕਣਕ, ਕੋਰਾ ਅਤੇ ਹੋਰ ਫਸਲਾਂ ਦੇ ਨੁਕਸਾਨ ਦੀ ਜਲਦੀ ਤੋਂ ਜਲਦੀ ਮੁਆਵਜ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਜੋ ਫਸਲਾਂ ਲਈ ਮੁਆਵਜ਼ਾ ਵਧਾਇਆ ਹੈ, ਉਹ ਵੀ ਘੱਟ ਹੈ।
ਕਿਸਾਨਾਂ ਨੇ ਮੁਆਵਜ਼ੇ ਲਈ ਦਿੱਤਾ ਮੰਗ ਪੱਤਰ : ਡੀਸੀ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਬਲੌਰ ਸਿੰਘ, ਛੰਨਾ ਤੇ ਜਸਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਇਸ ਵਿੱਚ ਕਣਕ, ਮੂੰਗੀ, ਸਬਜ਼ੀਆਂ ਅਤੇ ਹਰੇ ਚਾਰੇ ਦੀਆਂ ਫ਼ਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਪੰਜਾਬ ਦੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ ਅਤੇ ਹੁਣ ਕੁਦਰਤੀ ਆਫਤ ਕਾਰਨ ਕਿਸਾਨ ਹੋਰ ਕਰਜ਼ਈ ਹੋ ਜਾਣਗੇ। ਜਿਸ ਕਾਰਨ ਅੱਜ ਉਨ੍ਹਾਂ ਦੀ ਜਥੇਬੰਦੀ ਨੇ ਡੀਸੀ ਬਰਨਾਲਾ ਨੂੰ ਮਿਲ ਕੇ ਜ਼ਿਲ੍ਹੇ ਭਰ ਦੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Slogans in Support of Amritpal : ਹੁਣ ਚੰਡੀਗੜ੍ਹ ਦੀਆਂ ਕੰਧਾਂ ਉੱਤੇ ਕੀਹਨੇ ਲਿਖਿਆ-'ਫ੍ਰੀ ਅੰਮ੍ਰਿਤਪਾਲ', ਸਵਾਲਾਂ ਦੇ ਘੇਰੇ 'ਚ ਸ਼ਹਿਰ ਦੀ ਪੁਲਿਸ
ਕਿਸਾਨਾਂ ਨੇ ਮੁਆਵਜ਼ਾ ਵਧਾਉਣ ਦੀ ਕੀਤੀ ਮੰਗ : ਮੁੱਖ ਮੰਤਰੀ ਭਗਵਾਨ ਮਾਨ ਵੱਲੋਂ ਕਿਸਾਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੇ ਐਲਾਨ ਨੂੰ ਘੱਟ ਦੱਸਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 15 ਹਜ਼ਾਰ ਰੁਪਏ ਪ੍ਰਤੀ ਏਕੜ ਬਹੁਤ ਘੱਟ ਮੁਆਵਜ਼ਾ ਹੈ। ਇਸ ਨਾਲ ਤਾਂ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋਣੇ। ਕਿਸਾਨਾਂ ਕੋਲ 70 ਹਜ਼ਾਰ ਰੁਪਏ ਦੇ ਕਰੀਬ ਜ਼ਮੀਨਾਂ ਠੇਕੇ ਤੇ ਹਨ, ਜਿਸ ਕਰਕੇ ਇਨੇ ਘੱਟ ਮੁਆਵਜ਼ੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਕਿਸਾਨਾਂ ਦੀ ਪੂਰੀ ਫ਼ਸਲ ਬਰਬਾਦ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਪ੍ਰਤੀ ਏਕੜ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਇਹ ਵੀ ਯਾਦ ਰਹੇ ਕਿ ਲੰਘੇ ਦਿਨੀਂ ਬਾਰਿਸ਼ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ।