ਬਰਨਾਲਾ: ਕੈਮੀਕਲ ਨਾਲ ਬਣੀਆਂ ਚੀਜਾਂ ਦੇ ਇਸ ਦੌਰ ਵਿੱਚ ਬਰਨਾਲਾ ਦੇ ਪਿੰਡ ਮੱਲ੍ਹੀਆਂ ਵਿੱਚ ਦੇਸੀ ਤਰੀਕੇ ਨਾਲ ਗੁੜ ਬਣਾਇਆ ਜਾ ਰਿਹਾ ਹੈ। ਇੱਥੇ ਪਿਛਲੇ 50 ਵਰ੍ਹਿਆਂ ਤੋਂ ਸੈਂਕੜੇ ਕਿਸਾਨ ਅਜੇ ਵੀ ਗੰਨਾ ਲੈ ਕੇ ਗੁੜ ਬਣਾਉਣ ਪੁੱਜ ਰਹੇ ਹਨ। ਘੁਲਾੜੀ ਦੇ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਘੁਲਾੜਾ 1974 ਵਿੱਚ ਉਸਦੇ ਪਿਤਾ ਸਵ.ਮਹਿੰਦਰ ਸਿੰਘ ਨੇ ਸ਼ੁਰੂ ਕੀਤਾ ਸੀ ਜੋ ਨਿਰੰਤਰ ਚੱਲ ਰਿਹਾ ਹੈ। ਘਲਾੜ ’ਤੇ ਬਰਨਾਲਾ, ਮੋਗਾ ਤੇ ਬਠਿੰਡਾ ਜ਼ਿਲ੍ਹਿਆਂ ਦੇ ਪਿੰਡਾਂ ਵਿੱਚੋਂ ਕਿਸਾਨ ਆਪਣਾ ਗੰਨਾ ਲੈ ਕੇ ਗੁੜ ਬਣਾਉਣ ਆਉਂਦੇ ਹਨ। ਘਲਾੜਾ ਹਰ ਵਰ੍ਹੇ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਅਪ੍ਰੈਲ ਦੇ ਅੱਧ ਤੱਕ ਚੱਲਦਾ ਹੈ।
4 ਕੜਾਹਿਆਂ ਵਿੱਚ ਬਣਦਾ ਹੈ ਗੁੜ: ਉਹਨਾਂ ਦੱਸਿਆ ਕਿ ਗੰਨੇ ਪੀੜ੍ਹਨ ਵਾਲੀ ਮਸ਼ੀਨ ਵਿੱਚੋਂ ਗੰਨੇ ਦਾ ਰਸ ਨਿਕਲ ਕੇ ਕੜਾਹਿਆਂ ਵਿੱਚ ਆਉਂਦਾ ਹੈ। ਗੁੜ ਬਣਾਉਣ ਲਈ 4 ਕੜਾਹੇ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਪੜਾਅ ਦਰ ਪੜਾਅ ਗੰਨੇ ਦਾ ਰਸ ਪੁਣਿਆ ਜਾਂਦਾ ਹੈ ਅਤੇ ਚੌਥੇ ਕੜਾਹੇ ਵਿੱਚੋਂ ਗੁੜ ਤਿਆਰ ਕਰਕੇ ਬਾਹਰ ਕੱਢਿਆ ਜਾਂਦਾ ਹੈ। ਅੱਗ ਲਈ ਬਾਲਣ ਦੇ ਤੌਰ ’ਤੇ ਗੰਨੇ ਦੀ ਟੋਕ ਵਰਤੀ ਜਾਂਦੀ ਹੈ। 1 ਕੁਇੰਟਲ ਗੰਨੇ ਵਿੱਚੋਂ 1 ਤੋਂ 12 ਕਿੱਲੋ ਗੁੜ ਨਿਕਲਦਾ ਹੈ। ਗੁੜ ਬਣਾਉਣ ਲਈ ਕਿਸੇ ਵੀ ਕਿਸਮ ਦਾ ਕੈਮੀਕਲ ਨਹੀਂ ਵਰਤਿਆ ਜਾਂਦਾ ਅਤੇ ਬਿਲਕੁਲ ਸ਼ੁੱਧ ਗੁੜ ਤਿਆਰ ਹੁੰਦਾ ਹੈ। ਘੁਲਾੜ ’ਤੇ ਕਈ ਪ੍ਰਕਾਰ ਦੇ ਗੁੜ ਤੋਂ ਇਲਾਵਾ ਸ਼ੱਕਰ ਬਗੈਰਾ ਵੀ ਤਿਆਰ ਕਰਦੇ ਹਨ।
ਇਹ ਵੀ ਪੜ੍ਹੋ: Justice for sidhu moose wala: ਬਲਕੌਰ ਸਿੰਘ ਨੇ ਕਿਹਾ-ਪੁੱਤ ਦੇ ਇਨਸਾਫ਼ ਲਈ ਮੈਂ ਮੰਗਤਾ ਬਣਨ ਦੇ ਲਈ ਵੀ ਤਿਆਰ
ਵਿਰਾਸਤ ਸਾਂਭਣ ਲਈ ਬਣਾ ਰਹੇ ਗੁੜ: ਸਰਬਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਲਾੜੇ ਵਿੱਚੋਂ ਕਮਾਈ ਤਾਂ ਬਹੁਤੀ ਨਹੀਂ ਹੁੰਦੀ, ਸਿਰਫ਼ ਸ਼ੌਂਕ ਦੇ ਤੌਰ ਉੱਤੇ ਪਰਿਵਾਰਕ ਵਿਰਾਸਤ ਕਾਰਨ ਹੀ ਜਾਰੀ ਰੱਖਿਆ ਹੋਇਆ ਹੈ। ਕਿਸਾਨਾਂ ਤੋਂ ਪ੍ਰਤੀ ਕੁਇੰਟਲ ਗੁੜ ਬਣਾਉਣ ਦੇ ਹਿਸਾਬ ਨਾਲ ਹੀ ਮਿਹਨਤਾਨਾ ਲਿਆ ਜਾਂਦਾ ਹੈ। ਬਿਜਲੀ ਖ਼ਰਚ ਸਮੇਤ ਲੇਬਰ ਦਾ ਖ਼ਰਚ ਉਨ੍ਹਾਂ ਦਾ ਆਪਣਾ ਹੁੰਦਾ ਹੈ। ਉਨ੍ਹਾਂ ਦੇ ਘਲਾੜੇ ’ਤੇ ਪਹਿਲਾਂ ਲਗਭਗ 1000 ਮਣ ਗੰਨਾਂ ਆਉਂਦਾ ਸੀ, ਪਰ ਹੁਣ ਇਹ ਘਟ ਕੇ 400 ਮਣ ਭਾਵ 160 ਕੁਇੰਟਲ ਦੇ ਕਰੀਬ ਰਹਿ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਗੁੜ ਦੀ ਜਗ੍ਹਾ ਖੰਡ ਵਰਤਣ ਲੱਗੇ ਹਨ ਜਿਸ ਕਰਕੇ ਸ਼ੂਗਰ ਦੀ ਬੀਮਾਰੀ ਵਧੀ ਹੈ। ਇਸਦੇਂ ਛੁਟਕਾਰੇ ਲਈ ਮੁੜ ਲੋਕਾਂ ਨੂੰ ਦੇਸੀ ਘਲਾੜਾਂ ਦੇ ਸ਼ੁੱਧ ਗੁੜ ਆਉਣਾ ਚਾਹੀਦਾ ਹੈ।
ਕੈਮੀਕਲ ਤੋਂ ਬਗੈਰ ਤਿਆਰ ਹੁੰਦਾ ਹੈ ਗੁੜ : ਕਿਸਾਨ ਹਰਬੰਸ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਗੰਨੇ ਦੀ ਐਮਐਸਪੀ ਨਾ ਮਿਲਣ ਕਾਰਨ ਕਿਸਾਨ ਇਸਦੀ ਖੇਤੀ ਛੱਡਦੇ ਜਾ ਰਹੇ ਹਨ। ਪਰ ਉਹ ਕਈ ਸਾਲਾਂ ਤੋਂ ਆਪਣਾ ਗੰਨਾ ਇਸ ਘੁਲਾੜ ’ਤੇ ਲਿਆ ਕੇ ਗੁੜ ਬਣਵਾਉਂਦੇ ਹਨ, ਜਿੱਥੇ ਇਹ ਗੁੜ ਸਸਤਾ ਪੈਂਦਾ ਹੈ। ਉਥੇ ਬਗ਼ੈਰ ਕਿਸੇ ਕੈਮੀਕਲ ਤੋਂ ਗੁੜ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਰਦਾ ਹਰ ਕਿਸਾਨ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਘੱਟੋ ਘੱਟ 3-4 ਕਨਾਲਾਂ ਗੰਨਾਂ ਲਗਾਵੇ ਤਾਂ ਬਿਹਤਰ ਹੈ।