ਬਰਨਾਲਾ: ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਨਿਰਵਿਘਨ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕਾਂ ਪਰਤੀਆਂ ਹਨ। ਜ਼ਿਲ੍ਹਾ ਬਰਨਾਲਾ ਦੇ ਕਰੀਬ 60 ਤੋਂ 65 ਫ਼ੀਸਦੀ ਕਿਸਾਨਾਂ ਨੇ ਝੋਨੇ ਦੀ ਲੁਆਈ ਮੁਕੰਮਲ ਕਰ ਲਈ ਹੈ। ਇਸ ਵਾਰ ਖੇਤਾਂ ਲਈ ਮਿਲ ਰਹੀ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਈ।
ਪਾਣੀ ਅਤੇ ਬਿਜਲੀ ਦੀ ਸਪਲਾਈ: ਇਸ ਦੌਰਾਨ ਪਿੰਡ ਅਸਪਾਲ ਕਲਾਂ ਦੇ ਕਿਸਾਨ ਭਰਪੂਰ ਸਿੰਘ ਨੇ ਦੱਸਿਆ ਕਿ ਉਹ 22 ਕਿੱਲੇ ਵਿੱਚ ਝੋਨੇ ਦੀ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਮੇਂ ਸਿਰ ਅਤੇ ਨਿਰਵਿਘਨ ਪਾਣੀ ਤੇ ਬਿਜਲੀ ਦੀ ਸਪਲਾਈ ਮਿਲੀ ਹੈ। ਉਨ੍ਹਾਂ ਨੂੰ ਨਹਿਰੀ ਪਾਣੀ ਕਰਕੇ ਮੋਟਰਾਂ ਚਲਾਉਣ ਦੀ ਜ਼ਿਆਦਾ ਲੋੜ ਹੀ ਨਹੀਂ ਪਈ। ਇਸੇ ਤਰ੍ਹਾਂ ਪਿੰਡ ਝਲੂਰ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 30-35 ਸਾਲਾਂ ਤੋਂ ਖੇਤੀ ਕਰ ਰਹੇ ਹਨ ਤੇ ਇਸ ਵਾਰ ਪਹਿਲੀ ਵਾਰ ਕਿਸਾਨਾਂ ਨੂੰ ਸੁਚੱਜੀ ਪਾਣੀ ਅਤੇ ਬਿਜਲੀ ਦੀ ਸਪਲਾਈ ਮਿਲੀ ਹੈ। ਪਹਿਲਾਂ ਅਸੀਂ ਬਿਜਲੀ ਗਰਿੱਡ ਉੱਤੇ ਫੋਨ ਕਰਕੇ ਪੁੱਛਦੇ ਰਹਿੰਦੇ ਸੀ ਕਿ ਬਿਜਲੀ ਕਦੋਂ ਆਵੇਗੀ ਤਾਂ ਜੋ ਅਸੀਂ ਮੋਟਰ ਚਲਾ ਕੇ ਧਰਤੀ ਹੇਠਲੇ ਪਾਣੀ ਨਾਲ ਆਪਣੀ ਸਿੰਜਾਈ ਦੀ ਲੋੜ ਨੂੰ ਪੂਰਾ ਕਰ ਸਕੀਏ ਪਰ ਇਸ ਵਾਰ ਇਸ ਤਰੀਕੇ ਦਾ ਕੋਈ ਫੋਨ ਨਹੀਂ ਕਰਨਾ ਪਿਆ।
ਕਿਸਾਨ ਪ੍ਰਬੰਧਾਂ ਤੋਂ ਬੇਹੱਦ ਖੁਸ਼: ਪਿੰਡ ਬਡਬਰ ਦੇ ਕਿਸਾਨ ਸ਼ੀਸ਼ਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਕਿਉਂਕਿ ਪਾਣੀ ਦੀ ਸਪਲਾਈ ਨਿਰਵਿਘਨ ਚੱਲ ਰਹੀ ਹੈ। ਇਸ ਕਰਕੇ ਕਿਸਾਨਾਂ ਨੂੰ ਮੋਟਰਾਂ ਚਲਾ ਕੇ ਧਰਤੀ ਹੇਠਲਾ ਪਾਣੀ ਵਰਤਣ ਦੀ ਬਹੁਤੀ ਲੋੜ ਹੀ ਨਹੀਂ ਪਈ। ਪਿੰਡ ਕਾਹਨੇਕੇ ਦੇ ਕਿਸਾਨ ਜਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਖੇਤਾਂ 'ਚ ਪਿਛਲੇ ਕਈ ਸਾਲਾਂ ਤੋਂ ਪਾਣੀ ਨਹੀਂ ਸੀ ਪੁੱਜਦਾ। ਉਹ ਮੋਟਰ ਉਧਾਰ ਉੱਤੇ ਲੈ ਕੇ ਧਰਤੀ ਹੇਠਲਾ ਪਾਣੀ ਝੋਨੇ ਦੀ ਸਿੰਜਾਈ ਲਈ ਵਰਤੋਂ ਵਿੱਚ ਲਿਆਉਂਦੇ ਸਨ ਪਰ ਇਸ ਸਾਲ ਉਨ੍ਹਾਂ ਨੂੰ ਕਿਸੇ ਵੀ ਮੋਟਰ ਦੀ ਲੋੜ ਨਹੀਂ ਪਈ ਅਤੇ ਨਹਿਰੀ ਪਾਣੀ ਉਨ੍ਹਾਂ ਦੇ ਖੇਤਾਂ ਤੱਕ ਪੁੱਜ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਪ੍ਰਬੰਧਾਂ ਤੋਂ ਬੇਹੱਦ ਖੁਸ਼ ਹਨ।
- Khanna News : ਚੋਰੀ ਦੇ ਮਾਮਲੇ 'ਚ ਰੇਡ ਕਰਨ ਗਈ ਪੁਲਿਸ ਦੀ ਕੀਤੀ ਕੁੱਟਮਾਰ, ਘਟਨਾ ਦੀ ਵੀਡੀਓ ਆਈ ਸਾਹਮਣੇ
- ਮੂੰਗੀ ਅਤੇ ਮੱਕੀ ਦਾ ਢੁੱਕਵਾਂ ਰੇਟ ਨਾ ਮਿਲਣ ਉੱਤੇ ਅਕਾਲੀ ਦਲ ਦਾ ਪੰਜਾਬ ਸਰਕਾਰ 'ਤੇ ਵਾਰ, ਕਿਹਾ- ਕਿਸਾਨਾਂ ਦੀ ਲੁੱਟ 'ਤੇ ਸਰਕਾਰ ਚੁੱਪ
- ਲੋਕਾਂ ਦੇ ਏਟੀਐਮ ਬਦਲ ਕੇ ਕੱਢ ਲੈਂਦੇ ਸੀ ਪੈਸੇ, ਬਰਨਾਲਾ ਪੁਲਿਸ ਨੇ ਇੱਕ ਮਹਿਲਾ ਸਣੇ ਕੀਤੇ ਚਾਰ ਵਿਅਕਤੀ ਕਾਬੂ
ਇਸੇ ਤਰ੍ਹਾਂ ਧੂਰਕੋਟ ਵਾਸੀ ਕਿਸਾਨ ਗੁਰਦਾਸ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਨਾ ਸਿਰਫ ਜ਼ਿਲ੍ਹਾ ਬਰਨਾਲਾ ਬਲਕਿ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਮਿਲੀ ਹੈ। ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਨਾ ਤਾਂ ਨਹਿਰੀ ਪਾਣੀ ਪੂਰੀ ਮਾਤਰਾ ਵਿੱਚ ਦਿੱਤਾ ਜਾਂਦਾ ਸੀ ਤੇ ਪਾਣੀ ਦੀ ਸਪਲਾਈ ਪੂਰੀ ਨਾ ਹੋਣ ਕਾਰਨ ਨਾ ਹੀ ਪਾਣੀ ਨਹਿਰਾਂ ਦੇ ਅਖੀਰ 'ਚ ਸਥਿਤ ਪਿੰਡਾਂ ਤੱਕ ਪੁੱਜਦਾ ਸੀ। ਇਸ ਦੇ ਨਾਲ ਹੀ ਬਿਜਲੀ ਸਪਲਾਈ ਦੀ ਸਮੱਸਿਆ ਵੀ ਅਕਸਰ ਹੀ ਆਉਂਦੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਿਜਲੀ ਅਤੇ ਪਾਣੀ ਦੀ ਨਿਰਵਿਘਨ ਸਪਲਾਈ ਦੇ ਪੂਰੇ ਯਤਨ ਕੀਤੇ ਗਏ ਹਨ, ਇਸ ਨਾਲ ਜਿੱਥੇ ਕਿਸਾਨਾਂ ਲਈ ਇਸ ਸੀਜ਼ਨ ਦੀ ਝੋਨੇ ਦੀ ਫ਼ਸਲ ਦੀ ਲਵਾਈ ਸੌਖੀ ਰਹੀ ਹੈ, ਉੱਥੇ ਹੀ ਧਰਤੀ ਹੇਠਲਾ ਬਹੁਮੁੱਲਾ ਪਾਣੀ ਵੀ ਬਚਦਾ ਹੈ।