ਬਰਨਾਲਾ: ਚੀਨ ਵੱਲੋਂ ਭਾਰਤ ਦੇ 20 ਫ਼ੌਜੀਆਂ ਨੂੰ ਸ਼ਹੀਦ ਕੀਤੇ ਜਾਣ ਦੇ ਰੋਸ ਵਿੱਚ ਵੀਰਵਾਰ ਨੂੰ ਸਾਬਕਾ ਫ਼ੌਜੀਆਂ ਵੱਲੋਂ ਚੀਨ ਦਾ ਝੰਡਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਫ਼ੌਜੀਆਂ ਨੇ ਕਿਹਾ ਕਿ ਭਾਰਤ-ਚੀਨ ਦਰਮਿਆਨ ਹੋਏ ਸਮਝੌਤੇ ਨੂੰ ਚੀਨ ਤੋੜ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਚੀਨ ਭਾਰਤ ਨੂੰ 1962 ਵਾਲਾ ਭਾਰਤ ਸਮਝਣ ਦੀ ਗਲਤੀ ਨਾ ਕਰੇ। ਇਸ ਮੌਕੇ ਚੀਨ ਵਿਰੁੱਧ ਨਾਅਰੇਬਾਜੀ ਕਰਦਿਆਂ ਸਾਬਕਾ ਫ਼ੌਜੀ ਗੁਰਜਿੰਦਰ ਸਿੱਧੂ ਨੇ ਕਿਹਾ ਕਿ 1960 ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨਮੰਤਰੀ ਦਰਮਿਆਨ ਇੱਕ ਲਿਖਤੀ ਸਮਝੌਤਾ ਹੋਇਆ ਸੀ, ਜਿਸ ਵਿੱਚ ਦੋਵੇਂ ਦੇਸ਼ਾਂ ਨੇ ਸਰਹੱਦਾਂ ਨੂੰ ਨਵਾਂ ਬਣਾਇਆ ਸੀ। ਜਦੋਂ ਭਾਰਤ ਇਕੋਂ ਸਮਝੌਤੇ ਤਹਿਤ ਆਪਣੇ ਖੇਤਰ ਵਿੱਚ ਸੜਕ ਦਾ ਨਿਰਮਾਣ ਕਰ ਰਿਹਾ ਹੈ ਤਾਂ ਹੁਣ ਚੀਨ ਇਸ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਦੋਸ਼ ਲਗਾਇਆ ਕਿ ਜੇ 1960 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਚੀਨ ਦੀ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਕਰ ਦਿੰਦੇ, ਤਾਂ ਅੱਜ ਸਾਡੇ 20 ਸਿਪਾਹੀ ਸ਼ਹੀਦ ਨਹੀਂ ਹੋਏ ਹੁੰਦੇ।
ਉਨ੍ਹਾਂ ਨੇ ਚੀਨ ਨੂੰ ਚੇਤਾਵਨੀ ਦਿੱਤੀ ਕਿ ਚੀਨ ਭਾਰਤ ਨੂੰ 1962 ਵਾਲਾ ਭਾਰਤ ਮੰਨਣ ਦੀ ਗਲਤੀ ਨਾ ਕਰੇ ਅਤੇ ਭਾਰਤ ਕਿਸੇ ਵੀ ਦੇਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੇ ਸਮਰੱਥ ਹੈ।