ਬਠਿੰਡਾ : ਕਸਬਾ ਮੌੜ ਮੰਡੀ ਦੇ ਬੱਸ ਸਟੈਂਡ ਨੂੰ ਤਬਦੀਲ ਕਰਨ ਦੇ ਵਿਰੋਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਰੋਬਾਰੀਆਂ ਵੱਲੋਂ ਬਠਿੰਡਾ ਸੁਨਾਮ ਹਾਈਵੇਅ ਮੌੜ ਚੌਂਕ ਵਿੱਚ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌੜ ਮੰਡੀ ਦੇ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਲਿਆਂਦਾ ਗਿਆ ਹੈ। ਜਿਸ ਕਾਰਨ ਸ਼ਹਿਰ ਵਿਚਲੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹਾਲਾਤ ਇਹ ਪੈਦਾ ਹੋ ਗਏ ਹਨ ਕਿ ਕਾਰੋਬਾਰੀ ਭੁੱਖ ਮਰੀ ਦਾ ਸ਼ਿਕਾਰ ਹੋ ਗਏ ਹਨ ਅਤੇ ਰੋਜ਼ਾਨਾ ਖਰਚੇ ਕੱਢਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਮ ਲੋਕ ਹੋ ਰਹੇ ਖ਼ੱਜਲ ਖੁਆਰ
ਧਰਨਾ ਪ੍ਰਦਰਸ਼ਣ ਕਰ ਰਹੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੌੜ ਮੰਡੀ ਦਾ ਬੱਸ ਸਟੈਂਡ ਤਬਦੀਲ ਕੀਤੇ ਜਾਣ ਤੋਂ ਬਾਅਦ ਉਨਾਂ ਦੇ ਕਾਰੋਬਾਰ 'ਤੇ ਜਿੱਥੇ ਅਸਰ ਪਿਆ ਹੈ। ਉੱਥੇ ਹੀ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸ਼ਹਿਰ ਤੋਂ ਬਾਹਰ ਬੱਸ ਸਟੈਂਡ ਲਜਾਏ ਜਾਣ ਕਾਰਨ ਰੋਜ਼ ਮਰਾ ਦੀ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਬੱਸ ਸਟੈਂਡ ਤੋਂ ਬਾਜ਼ਾਰ ਵਿੱਚ ਆਉਣ ਵਿੱਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਕਾਰੋਬਾਰੀਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।
ਵੱਡੇ ਪਧਰ 'ਤੇ ਧਰਨਾ ਦੇਣਗੇ ਕਾਰੋਬਾਰੀ
ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਮੁੜ ਤੋਂ ਸ਼ਹਿਰ ਅੰਦਰ ਨਹੀਂ ਲਿਜਾਇਆ ਗਿਆ ਤਾਂ ਉਹਨਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਕਾਰੋਬਾਰੀਆਂ ਦੇ ਪ੍ਰਦਰਸ਼ਨ ਦੇ ਮੱਦੇ ਨਜ਼ਰ ਮੌਕੇ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਵੱਲ ਪਹੁੰਚਿਆ ਅਤੇ ਉਹਨਾਂ ਵੱਲੋਂ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਸੰਬੰਧੀ ਗੱਲਬਾਤ ਕੀਤੀ ਗਈ ਅਤੇ ਭਰੋਸਾ ਦਵਾਇਆ ਕਿ ਜਲਦ ਹੀ ਇਸ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਵੇਗੀ।