ਬਰਨਾਲਾ: ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਦਿੱਲੀ ਮੋਰਚੇ ਵਿੱਚੋਂ ਕਿਸਾਨ ਘਰਾਂ ਨੂੰ ਆ ਰਹੇ ਹਨ। ਜਿਸ ਕਰਕੇ ਦਿੱਲੀ 'ਚ ਬਾਰਡਰਾਂ 'ਤੇ ਕਿਸਾਨਾਂ ਦੀ ਗਿਣਤੀ ਕੁੱਝ ਘਟ ਰਹੀ ਹੈ। ਇਸ ਦੇ ਚੱਲਦਿਆਂ ਹੁਣ ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਥਾਂ ਆਪਣੀ ਡਿਊਟੀ ਨਿਭਾਉਣ ਲਈ ਪੰਜਾਬ ਤੋਂ ਮੁਲਾਜ਼ਮ ਵਰਗ ਰਵਾਨਾ ਹੋ ਰਿਹਾ ਹੈ। ਇਸ ਤਹਿਤ ਬਰਨਾਲਾ ਤੋਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂਆਂ ਦੀ ਅਗਵਾਈ 'ਚ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦਾ ਇੱਕ ਜਥਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਦਿੱਲੀ ਦੀਆਂ ਬਰੂਹਾਂ-ਟਿੱਕਰੀ, ਸਿੰਘੂ ਅਤੇ ਗਾਜੀਪੁਰ ਬਾਰਡਰ 'ਤੇ ਡਿਊਟੀ ਦੇਣ ਲਈ ਆਈ.ਟੀ.ਆਈ ਚੌਂਕ ਬਰਨਾਲਾ ਤੋਂ ਰਵਾਨਾ ਹੋਇਆ ਹੈ।
ਦਿੱਲੀ ਜਾ ਰਹੇ ਮੁਲਾਜ਼ਮਾਂ ਨੇ ਦੱਸਿਆ ਕਿ ਹਾੜ੍ਹੀ ਦੇ ਸਮੇਂ ਦੌਰਾਨ ਕਿਸਾਨਾਂ ਦੇ ਕੰਮ ਦੇ ਰੁਝੇਵਿਆਂ ਨੂੰ ਮੁੱਖ ਰੱਖਦੇ ਹੋਏ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਸੰਘਰਸ਼ 'ਚ ਮੁਲਾਜ਼ਮਾਂ ਦੀ ਭਰਮੀ ਸ਼ਮੂਲੀਅਤ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਹੈ। ਜਿਸ ਕਾਰਨ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਵੱਡੀ ਗਿਣਤੀ 'ਚ ਦਿੱਲੀ ਜਾ ਰਹੇ ਹਨ।
ਇਸ ਸਮੇਂ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵੰਤ ਸਿੰਘ ਉੱਪਲੀ ਨੇ ਡੀ.ਐਮ.ਐਫ ਆਗੂਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਕਾਲੇ ਕਨੂੰਨਾਂ ਵਿਰੁੱਧ ਕੀਤਾ ਜਾ ਰਿਹਾ ਸੰਘਰਸ਼ ਸਮੂਹ ਲੋਕਾਂ ਲਈ ਹੈ, ਕਿਉਂਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਿੱਥੇ ਜਮੀਨਾਂ 'ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਹੋਵੇਗਾ। ਉਥੇ ਅਨਾਜ, ਸਬਜੀਆਂ, ਦਾਲਾਂ, ਮਸਾਲੇ ਅਤੇ ਹੋਰ ਖਾਧ ਪਦਾਰਥ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਗੇ। ਜਿਸ ਕਾਰਨ ਭੁੱਖ ਮਰੀ 'ਚ ਵਾਧਾ ਹੋਵੇਗਾ ਅਤੇ ਲੋਕਾਂ ਦੇ ਜੀਵਨ ਪੱਧਰ 'ਚ ਗਿਰਾਵਟ ਆਵੇਗੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਜਨਤਕ ਅਦਾਰੇ, ਸਰਕਾਰੀ ਜਾਇਦਾਦਾਂ, ਜਲ, ਜੰਗਲ, ਜਮੀਨ, ਖਣਿਜ ਪਦਾਰਥਾਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਖੁੱਲ੍ਹਾ ਐਲਾਨ ਪਾਰਲੀਮੈਂਟ 'ਚ ਕੀਤਾ ਹੈ। ਇਹਨਾਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਅੱਤਵਾਦੀ, ਸ਼ਹਿਰੀ ਨਕਸਲੀ, ਦੇਸ਼ ਧ੍ਰੋਹੀ, ਟੁਕੜੇ ਟੁਕੜੇ ਗੈਂਗ, ਕਹਿ ਕੇ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਹੈ। ਇਸ ਲਈ ਹੁਣ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ ਅਤੇ ਛੋਟੇ ਕਾਰੋਬਾਰੀਆਂ ਦਾ ਏਕਾ ਕਰਨਾ ਸਮੇਂ ਦੀ ਅਹਿਮ ਲੋੜ ਹੈ।
ਇਹ ਵੀ ਪੜ੍ਹੋ:ਯੂਨਾਈਟਿਡ ਸਿੱਖ ਦੀ ਟੀਮ ਵੱਲੋਂ ਕੇਸਗੜ੍ਹ ਸਾਹਿਬ ਨੂੰ ਕੀਤਾ ਸੈਨੇਟਾਈਜ਼