ਬਰਨਾਲਾ: ਸਿਹਤ ਵਿਭਾਗ ਦੇ ਅਮਲੇ ਅਤੇ ਮੂਹਰਲੀ ਕਤਾਰ ਦੇ ਵਰਕਰਾਂ ਮਗਰੋਂ ਹੁਣ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਰੋਨਾ ਵਿਰੁੱਧ ਵੈਕਸੀਨ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਦੇ ਜਾਇਜ਼ੇ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਆਦਿਤਯ ਡੇਚਲਵਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਕੀਤੀ।
ਇਸ ਮੌਕੇ ਏਡੀਸੀ ਡੇਚਲਵਾਲ ਨੇ ਆਖਿਆ ਕਿ ਅਗਲੇ ਗੇੜ ਅਧੀਨ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ ਕੋਮੌਰਬਿਟੀ ਵਾਲੇ ਮਰੀਜ਼ਾਂ (45 ਤੋਂ 59) ਸਾਲ ਨੂੰ ਕੋਰੋਨਾ ਵਿਰੁੱਧ ਵੈਕਸੀਨ ਲਗਾਈ ਜਾਣੀ ਹੈ, ਜਿਸ ਸਬੰਧੀ ਸਾਰੇ ਸੈਂਟਰਾਂ ਵਿੱਚ ਪ੍ਰਬੰਧ ਪੁਖਤਾ ਹੋਣ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਲੋਕਾਂ ਨੂੰ ਇਸ ਵੈਕਸੀਨ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਜੋ ਕਿ ਬਿਲਕੁਲ ਸੁਰੱਖਿਆ ਹੈ, ਕਿਉਂਕਿ ਇਹ ਸਿਹਤ ਵਿਭਾਗ ਦੇ ਅਮਲੇ ਅਤੇ ਮੂਹਰਲੀ ਕਤਾਰ ਦੇ ਵਰਕਰਾਂ ਨੂੰ ਲਾਈ ਜਾ ਚੁੱਕੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਕੋਰੋਨਾ ਤੋਂ ਬਚਾਅ ਰਹੇ ਇਸ ਵਾਸਤੇ ਸੈਂਪਲਿੰਗ ਵੀ ਵਧਾਈ ਜਾਵੇ, ਖਾਸ ਕਰ ਕੇ ਵਿਦਿਅਕ ਅਦਾਰਿਆਂ ’ਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਨੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬਣ ਰਹੇ ਈ-ਕਾਰਡਾਂ ਦੀ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ।