ਬਰਨਾਲਾ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵੱਲੋਂ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਡੇਅਰੀ ਸਬੰਧੀ ਹੋਰ ਤਕਨੀਕੀ ਜਾਣਕਾਰੀ ਦੇਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਦੇ ਸਹਿਯੋਗ ਨਾਲ 6 ਰੋਜ਼ਾ ਵਿਗਿਆਨਕ ਡੇਅਰੀ ਕੋਰਸ ਸ਼ੁਰੂ ਕੀਤਾ ਗਿਆ।
ਸਵੈ-ਰੁਜ਼ਗਾਰ ਦੀਆਂ ਕਾਫੀ ਸੰਭਾਵਨਾਵਾਂ
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਵਿਖੇ ਪਹੁੰਚੇ ਡਾ. ਚਰਨਜੀਤ ਸਿੰਘ ਕੈਂਥ, ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਨੇ ਨੌਜਵਾਨ ਕਿਸਾਨਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਡੇਅਰੀ ਫਾਰਮਿੰਗ ਵਿੱਚ ਸਵੈ-ਰੁਜ਼ਗਾਰ ਦੀਆਂ ਕਾਫੀ ਸੰਭਾਵਨਾਵਾਂ ਹਨ। ਜਿਸ ਨੂੰ ਅਪਣਾ ਕੇ ਕਿਸਾਨ ਵਧੀਆਂ ਰੁਜ਼ਗਾਰ ਕਮਾ ਸਕਦਾ ਹੈ।
ਇਹ ਵੀ ਪੜੋ: ਕਾਂਗਰਸੀ ਆਗੂ ਔਲਖ ਅਤੇ ਕਲਾਕਾਰ ਤਜਿੰਦਰ ਕੌਰ 'ਆਪ' 'ਚ ਸ਼ਾਮਲ
ਕਿਸਾਨਾਂ ਨੂੰ ਲੈਣੀ ਚਾਹੀਦਾ ਹੈ ਮਾਹਰਾਂ ਦੀ ਸਲਾਹ
ਡਾ. ਚਰਨਜੀਤ ਸਿੰਘ ਕੈਂਥ ਨੇ ਇਹ ਵੀ ਕਿਹਾ ਕਿ ਖੇਤੀ ਅਤੇ ਪਸ਼ੂ ਪਾਲਣ ਪੁਰਾਣੇ ਸਮੇਂ ਤੋਂ ਇਕੱਠੇ ਚੱਲਦੇ ਆ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖਾਦ, ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬਿਨਾਂ ਮਤਲਬ ਦੇ ਖੇਤੀ ਖਰਚਿਆਂ ਤੋਂ ਬਚਿਆ ਜਾ ਸਕੇ। ਕਾਬਿਲੇਗੌਰ ਹੈ ਕਿ ਇਸ ਸਮੇਂ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆਂ ਦੇ ਐਸੋਸੀਏਟ ਡਾਇਰੈਕਟਰ ਪ੍ਰਹਿਲਾਦ ਸਿੰਘ ਤੰਵਰ ਨੇ ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਅਤੇ ਵਿਗਿਆਨਕ ਡੇਅਰੀ ਕੋਰਸ ’ਤੇ ਆਏ ਕਿਸਾਨਾਂ ਦਾ ਸਵਾਗਤ ਕੀਤਾ।
ਕਿਸਾਨਾਂ ਨੂੰ ਕਰਵਾਇਆ ਜਾਵੇਗਾ ਤਕਨੀਕੀ ਦੌਰਾ
ਦੱਸ ਦਈਏ ਕਿ ਇਸ ਟਰੇਨਿੰਗ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਨੂੰ 19 ਮਾਰਚ 2021 ਨੂੰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਤਕਨੀਕੀ ਦੌਰਾ ਕਰਵਾਇਆ ਜਾਵੇਗਾ। ਤਾਂ ਜੋ ਕਿਸਾਨਾਂ ਨੂੰ ਖੇਤੀ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆ ਸਕੇ ਅਤੇ ਨਾਲ ਹੀ ਕਿਸਾਨ ਸਮੇਂ ਦੇ ਨਾਲ ਨਾਲ ਆਪਣੇ ਖੇਤੀ ਕਰਨ ਦੇ ਤਰੀਕੇ ਚ ਕੁਝ ਬਦਲਾਅ ਕਰ ਸਕਣ। ਜਿਸ ਨਾਲ ਉਹ ਬਿਨਾਂ ਮਤਲਬ ਦੇ ਖਰਚਿਆਂ ਤੋਂ ਬਚ ਸਕਣ।