ਬਰਨਾਲਾ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਆਤਮਾ ਸਕੀਮ ਅਧੀਨ ਕੋਆਪਰੇਟਿਵ ਸੁਸਾਇਟੀ ਪਿੰਡ ਕੱਟੂ ਵਿੱਚ ਕਿਸਾਨ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਕਣਕ ਦੀ ਫ਼ਸਲ ਦੀ ਸਾਂਭ-ਸੰਭਾਲ ਬਾਰੇ ਅਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਵਾਲੇ ਕਿਸਾਨਾਂ ਤੇ ਸਹਾਇਕ ਧੰਦੇ ਅਪਨਾਉਣ ਵਾਲੇ ਕਿਸਾਨਾਂ ਨੇ ਭਾਗ ਲਿਆ।
ਖੇਤੀਬਾੜੀ ਅਫ਼ਸਰ ਡਾ. ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਕਿਸਾਨ ਨਵੀਆਂ ਅਤੇ ਆਧੁਨਿਕ ਤਕਨੀਕਾਂ ਆਪਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਰਛਪਾਲ ਸਿੰਘ ਪਿੰਡ ਬੱਲੋਕੇ ਨਵੀਂ ਅਤੇ ਆਧੁਨਿਕ ਤਕਨੀਕ ਅਤੇ ਵਿਗਿਆਨਕ ਤਕਨੀਕ ਟਿਸ਼ੂ ਕਲਚਰ ਨਾਲ ਕੌਰਡੀਸੈਪਸ (ਮਸ਼ਰੂਮ ਦੀ ਇੱਕ ਕਿਸਮ) ਦੀ ਖੇਤੀ ਕਰ ਰਿਹਾ ਹੈ। ਹਰਵਿੰਦਰ ਸਿੰਘ ਜੈਵਿਕ ਖੇਤੀ ਕਰਕੇ ਮਲੀਕਰਾਪਿੰਗ ਕਰ ਕੇ ਖੁਦ ਮੰਡੀਕਰਨ ਕਰ ਰਹੇ ਹਨ। ਸਤਨਾਮ ਸਿੰਘ ਡਰੈਗਨ ਫ਼ਰੂਟ ਤੇ ਚੰਦਨ ਦੀ ਖੇਤੀ ਕਰ ਰਿਹਾ ਹੈ।
ਡਾ. ਚਰਨਜੀਤ ਸਿੰਘ ਕੈਂਥ ਨੇ ਕਿਹਾ ਕਿ ਕਿਸਾਨ ਫਸਲੀ ਚੱਕਰ ਨੂੰ ਛੱਡ ਕੇ ਫ਼ਸਲੀ ਵਿਭਿੰਨਤਾ ਨੂੰ ਅਪਨਾਉਣ। ਅੰਮ੍ਰਿਤਪਾਲ ਸਿੰਘ ਏਡੀਓ ਨੇ ਮਿੱਟੀ-ਪਾਣੀ ਦੇ ਨਮੂਨਿਆਂ ਨੂੰ ਟੈਸਟ ਕਰਵਾਉਣ ਸਬੰਧੀ ਅਤੇ ਨਿਖਿਲ ਸਿੰਗਲਾ ਏਟੀਐਮ ਨੇ ਆਤਮਾ ਸਕੀਮ ਸਬੰਧੀ ਜਾਣਕਾਰੀ ਦਿੱਤੀ।