ਬਰਨਾਲਾ: ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਬੇਰੁਜ਼ਗਾਰ ਬੀਐਡ ਟੈਟ ਪਾਸ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਯੋਜਨਾਬੰਦੀ ਤਿਆਰ ਕੀਤੀ ਗਈ ਹੈ। ਜਿਸ ਤਹਿਤ ਜੱਥੇਬੰਦੀ ਆਗੂਆਂ ਵਲੋਂ ਬਰਨਾਲਾ ਤੋਂ ਨਵੇ ਬਣੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਮ ਪਹਿਲਾ ਮੰਗ ਪੱਤਰ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚ ਕੇ ਸੌਂਪਿਆ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਦੱਸਿਆ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਨੇ ਘਰ-ਘਰ ਰੁਜ਼ਗਾਰ ਦਾ ਵਾਅਦਾ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੂਰੇ ਪੰਜ ਸਾਲ ਖੱਜਲ ਖੁਆਰ ਕੀਤਾ ਹੈ। ਚੋਣ ਜ਼ਾਬਤੇ ਦੇ ਲਾਗੂ ਹੋਣ ਤੋਂ ਕੁਝ ਸਮਾਂ ਪਹਿਲਾਂ ਮਹਿਜ਼ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਦਾ ਇਸਤਿਹਾਰ ਜਾਰੀ ਕੀਤਾ ਗਿਆ ਸੀ ਜਿਹੜਾ ਕਿ ਅੱਧ ਵਿਚਾਲੇ ਲਟਕ ਰਿਹਾ ਹੈ।
ਬੇਰੁਜ਼ਗਾਰਾਂ ਨੇ 4161 ਅਸਾਮੀਆਂ ਦੇ ਇਸ਼ਤਿਹਾਰ ਵਿੱਚ ਵਾਧਾ ਕਰਨ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ। ਬੇਰੁਜ਼ਗਾਰਾਂ ਦੀ 28 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਹੋਈ ਹੈ। ਉਦੋਂ ਤੱਕ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਮੀਟਿੰਗ ਵਿੱਚ ਫੈਂਸਲਾ ਹੋਇਆ ਕਿ ਜੇਕਰ ਜਲਦੀ ਆਮ ਆਦਮੀ ਪਾਰਟੀ ਨੇ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।
ਇਸ ਮੌਕੇ ਜਨਰਲ ਸਕੱਤਰ ਗਗਨਦੀਪ ਕੌਰ ਗਰੇਵਾਲ, ਮੀਤ ਪ੍ਰਧਾਨ ਅਮਨ ਸੇਖਾ, ਸੰਦੀਪ ਸਿੰਘ ਗਿੱਲ, ਮੁਨੀਸ਼ ਫਾਜਲਿਕਾ ਅਤੇ ਜਸਵੰਤ ਘੁਬਾਇਆ (ਦੋਵੇਂ ਟੈਂਕੀ ਵਾਲੇ) ਕੁਲਵੰਤ ਸਿੰਘ ਲੌਂਗੋਵਾਲ, ਜਗਜੀਤ ਸਿੰਘ ਜੱਗੀ ਜੋਧਪੁਰ, ਰਸ਼ਪਾਲ ਸਿੰਘ ਜਲਾਲਾਬਾਦ, ਬਲਕਾਰ ਸਿੰਘ ਮਾਨਸਾ ਅਤੇ ਬਲਰਾਜ ਸਿੰਘ ਫਰੀਦਕੋਟ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਸੀਐੱਮ ਮਾਨ ਵੱਲੋਂ ਜਾਰੀ ਨੰਬਰ ’ਤੇ ਪਹਿਲੀ ਸ਼ਿਕਾਇਤ, ਜਾਣੋ ਮਾਮਲਾ