ਬਰਨਾਲਾ: ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਮ ਦੌਰਾਨ ਲਗਾਤਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵੈਕਸੀਨੇਸ਼ਨ ਕਰਵਾਈ ਜਾ ਰਹੀ ਹੈ, ਪਰ ਪੰਜ ਦਿਨਾਂ ਤੋਂ ਜ਼ਿਲ੍ਹੇ ਵਿੱਚ ਕੋਰੋਨਾ ਵੈਕਸੀਨ ਖ਼ਤਮ ਹੋ ਚੁੱਕੀ ਸੀ। ਅੱਜ ਪੰਜਵੇਂ ਦਿਨ ਵੈਕਸੀਨ ਪਹੁੰਚਣ ਤੇ ਲੋਕਾਂ ਵਲੋਂ ਵੱਡੀ ਗਿਣਤੀ ਵਿੱਚ ਕੋਰੋਨਾ ਟੀਕਾਕਰਨ ਕਰਵਾਇਆ ਗਿਆ ਹੈ। ਜ਼ਿਲ੍ਹੇ ਵਿੱਚ ਅੱਜ ਰਿਕਾਰਡ ਵੈਕਸੀਨੇਸ਼ਨ ਹੋਈ ਹੈ। ਜ਼ਿਲ੍ਹਾ ਬਰਨਾਲਾ ਵਿੱਚ ਅੱਜ ਵੱਖ-ਵੱਖ ਥਾਈਂ ਲੱਗੇ 40 ਦੇ ਕਰੀਬ ਟੀਕਾਕਰਨ ਕੈਂਪਾਂ ਨੂੰ ਜ਼ਿਲਾ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ।
ਇਹ ਵੀ ਪੜੋ: Punjab Congress crisis: ਦਿੱਲੀ ਤੋਂ ਕੈਪਟਨ ਨੂੰ ਮੁੜ ਆਇਆ ਹਾਈਕਮਾਨ ਦਾ ਸੱਦਾ
ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲਾਏ ਇਨਾਂ ਕੈਂਪਾਂ ਵਿੱਚ ਲਗਪਗ 9800 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਖ਼ੁਦ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਟੀਕਾਕਰਨ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਵੱਲੋਂ ਬਰਨਾਲਾ ਸ਼ਹਿਰ ਵਿਚ ਬਰਨਾਲਾ ਕਲੱਬ, ਨਗਰ ਕੌਂਸਲ ਦਫਤਰ ਤੋਂ ਇਲਾਵਾ ਪਿੰਡ ਕਾਹਨੇਕੇ ਸਣੇ ਹੋਰ ਕੈਂਪਾਂ ਦਾ ਦੌਰਾ ਕੀਤਾ ਗਿਆ ਅਤੇ ਸਿਹਤ ਅਮਲੇ ਤੇ ਆਮ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਇਸ ਮੌਕੇ ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪੂਰੀ ਤਰਾਂ ਖਾਤਮੇ ਲਈ ਵੈਕਸੀਨੇਸ਼ਨ ਬੇਹੱਦ ਅਹਿਮ ਹੈ ਅਤੇ ਇਹ ਪੂਰੀ ਤਰਾਂ ਸੁਰੱਖਿਅਤ ਹੈ, ਇਸ ਲਈ 18 ਸਾਲ ਤੋਂ ਉਪਰ ਦਾ ਹਰ ਵਿਅਕਤੀ ਟੀਕਾਕਰਣ ਜ਼ਰੂਰ ਕਰਵਾਵੇ।ਇਸ ਮੌਕੇ ਐੱਸਡੀਐੱਮ ਵਰਜੀਤ ਵਾਲੀਆ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਾਜਿੰਦਰ ਸਿੰਗਲਾ ਤੇ ਹੋਰ ਅਧਿਕਾਰੀਆਂ ਵੱਲੋਂ ਕੈਂਪਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਇਹ ਵੀ ਪੜੋ: ਨਵਾਂਸ਼ਹਿਰ: ਪੁਲਿਸ ਵੱਲੋਂ ਰੋਕੇ ਜਾਣ ’ਤੇ ਜੀਪ ਵਾਲੀ ਕੁੜੀ ਨੇ ਕੀਤਾ ਹਾਈ ਵੋਲਟੇਜ ਡਰਾਮਾ